ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ-ਹਾਰਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਇਨਾਂ ਨਾਲ ਬੰਦੇ ਨੂੰ ਖ਼ੁਸ਼ੀ ਮਿਲਦੀ ਹੈ। ਉਸ ਦੀ ਜ਼ਿੰਦਗੀ ਸੁਖੀ ਹੁੰਦੀ ਹੈ ਅਤੇ ਸਮਾਜ ਵਿਚ ਉਸ ਦਾ ਰੁਤਬਾ ਵਧਦਾ ਹੈ। ਉਹ ਅੱਗੋਂ ਹੋਰ ਵੀ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੁੰਦਾ ਹੈ। ਦੂਜੇ ਪਾਸੇ ਅਸਫ਼ਲਤਾਵਾਂ, ਹਾਰਾਂ ਅਤੇ ਦੁੱਖ ਕਿਸੇ ਬੰਦੇ ਨੂੰ ਵੀ ਚੰਗੇ ਨਹੀਂ ਲੱਗਦੇ। ਇਹ ਬੰਦੇ ਦੇ ਵਧਦੇ ਹੋਏ ਕਦਮਾਂ ਨੂੰ ਰੋਕਦੀਆਂ ਹਨ। ਇਨਾਂ ਨਾਲ ਬੰਦੇ ਦੇ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ। ਉਸ ਦੀਆਂ ਉਮੀਦਾਂ ’ਤੇ ਪਾਣੀ ਫ਼ਿਰ ਜਾਂਦਾ ਹੈ ਅਤੇ ਜ਼ਿੰਦਗੀ ਕੁਝ ਕਠਿਨ ਹੋ ਜਾਂਦੀ ਹੈ। ਇਸ ਵਿਚ ਕਾਫ਼ੀ ਧਨ, ਸ਼ਕਤੀ ਅਤੇ ਸਮਾਂ ਵੀ ਨਸ਼ਟ ਹੋ ਜਾਂਦਾ ਹੈ। ਇਸ ਲਈ ਬੰਦਾ ਕੁਝ ਢਹਿੰਦੀਆਂ ਕਲਾਂ ਵਿਚ ਜਾਣ ਲੱਗ ਪੈਂਦਾ ਹੈ। ਕਈ ਬੰਦੇ ਤਾਂ ਦਿਲ ਛੱਡ ਜਾਂਦੇ ਹਨ ਅਤੇ ਆਤਮ ਹੱਤਿਆ ਵਰਗੇ ਗ਼ਲਤ ਕਦਮ ਉਠਾ ਬੈਠਦੇ ਹਨ। ਪਰ ਇਹ ਦੁੱਖ-ਸੁੱਖ, ਅਸਫ਼ਲਤਾ-ਸਫ਼ਲਤਾ, ਜਿੱਤਾਂ-ਹਾਰਾਂ ਅਤੇ ਅਮੀਰੀ-ਗ਼ਰੀਬੀ ਜ਼ਿੰਦਗੀ ਦੇ ਅਟੁੱਟ ਅੰਗ ਹਨ। ਇਨਾਂ ਤੋਂ ਬਚਿਆ ਨਹੀਂ ਜਾ ਸਕਦਾ। ਜ਼ਿੰਦਗੀ ਵਿਚ ਧੁੱਪ ਛਾਂ ਦੀ ਤਰ੍ਹਾਂ ਇਹ ਸਭ ਕੁਝ ਆਉਣਾ ਹੀ ਆਉਣਾ ਹੈ। ਕੋਈ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿਚ ਕੋਈ ਦੁੱਖ ਆਵੇ ਜਾਂ ਮੈਨੂੰ ਕਿਸੇ ਹਾਰ ਦਾ ਜਾਂ ਤੰਗੀ ਦਾ ਸਾਹਮਣਾ ਕਰਨਾ ਪਏ। ਪਰ ਇਹ ਗੱਲਾਂ ਮਨੁੱਖ ਨੂੰ ਆਤਮ ਚਿੰਤਨ ਲਈ ਪ੍ਰੇਰਦੀਆਂ ਹਨ। ਉਸ ਨੂੰ ਆਪਣੀਆਂ ਕਮੀਆਂ ਅਤੇ ਗ਼ਲਤੀਆਂ ਦਾ ਪਤਾ ਲੱਗਦਾ ਹੈ। ਉਹ ਇਨਾਂ ਕਮੀਆਂ ਨੂੰ ਦੂਰ ਕਰ ਕੇ ਅੱਗੇ ਨਾਲੋਂ ਵੱਧ ਮਜ਼ਬੂਤ ਬਣਦਾ ਹੈ। ਲੋੜ ਪਏ ਤਾਂ ਆਪਣੇ ਕੰਮ ਕਰਨ ਦੇ ਢੰਗ ਨੂੰ ਵੀ ਬਦਲਦਾ ਹੈ ਅਤੇ ਅੱਗੋਂ ਸਹੀ ਰਸਤੇ ਤੇ ਪੈਂਦਾ ਹੈ ਅਤੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਂਦਾ ਹੈ।
ਜੇ ਜ਼ਿੰਦਗੀ ਵਿਚ ਕਦੀ ਗ਼ਰੀਬੀ ਜਾਂ ਮੁਸ਼ਕਲ ਸਮਾਂ ਆ ਵੀ ਜਾਏ ਤਾਂ ਦਿਲ ਨਹੀਂ ਛੱਡਣਾ ਚਾਹੀਦਾ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣੇ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਧੁੱਪ ਛਾਂ ਦੀ ਤਰ੍ਹਾਂ ਹੀ ਹਨ। ਦਿਨ ਫਿਰਦਿਆਂ ਦੇਰ ਨਹੀਂ ਲਗਦੀ। ਹੌਸਲੇ ਨਾਲ ਮਿਹਨਤ ਕਰਦੇ ਰਹੋ ਤੁਹਾਡੀ ਗ਼ਰੀਬੀ ਕੱਟੀ ਜਾਏਗੀ। ਕੋਈ ਪ੍ਰੇਸ਼ਾਨੀ ਜਾਂ ਬਿਮਾਰੀ ਹੋਵੇ ਤਾਂ ਉਹ ਵੀ ਪਿੱਛਾ ਛੱਡ ਜਾਏਗੀ। ਗ਼ਰੀਬੀ ਵਿਚ ਜਾਂ ਮੁਸ਼ਕਲ ਸਮੇਂ ਵਿਚ ਹੀ ਆਪਣੇ ਅਤੇ ਬੇਗਾਨੇ ਦੀ ਪਹਿਚਾਣ ਹੁੰਦੀ ਹੈ। ਇਹ ਹੀ ਪਰਖ ਦੀ ਘੜੀ ਹੁੰਦੀ ਹੈ। ਮੁਸੀਬਤ ਵਿਚ ਮਤਲਬੀ ਲੋਕ ਸਾਥ ਛੱਡ ਜਾਂਦੇ ਹਨ ਅਤੇ ਬੰਦੇ ਨੂੰ ਚਾਨਣ ਹੋ ਜਾਂਦਾ ਹੈ ਕਿ ਕਿਹੜਾ ਵਿਅਕਤੀ ਉਸ ਦਾ ਅਸਲੀ ਹਮਦਰਦ ਹੈ ਅਤੇ ਉਸ ਦੇ ਨਾਲ ਖ਼ੜਾ ਹੈ। ਜਿਹੜਾ ਵਿਅਕਤੀ ਇਸ ਸਮੇਂ ਤੁਹਾਨੂੰ ਹੌਸਲਾ ਦਿੰਦਾ ਹੈ ਅਤੇ ਤੁਹਾਡੀ ਮਦਦ ਕਰਦਾ ਹੈ, ਉਹ ਹੀ ਅਸਲ ਵਿਚ ਤੁਹਾਡਾ ਆਪਣਾ ਹੁੰਦਾ ਹੈ। ਮੰਜ਼ਿਲਾਂ ਆਸਾਨ ਹੋ ਜਾਂਦੀਆਂ ਹਨ ਜਦ ਕੋਈ ਕਹੇ-“ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ।”
ਦੋਸਤੋ ਜੇ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੁੰਦੇ ਹੋ, ਆਪਣੀ ਗ਼ਰੀਬੀ ਕੱਟਣਾ ਚਾਹੁੰਦੇ ਹੋ ਜਾਂ ਆਪਣੀਆਂ ਹਾਰਾਂ ਨੂੰ ਜਿੱਤਾਂ ਵਿਚ ਬਦਲਣਾ ਚਾਹੁੰਦੇ ਹੋ ਤਾਂ ਹੌਸਲੇ ਨਾਲ ਮਿਹਨਤ ਕਰਦੇ ਜਾਵੋ ਅਤੇ ਅੱਗੇ ਵਧਦੇ ਜਾਵੋ। ਮਿਹਨਤੀ ਮਨੁੱਖ ਕਦੀ ਬਦਨਸੀਬ ਨਹੀਂ ਹੋ ਸਕਦਾ। ਕਿਸੇ ਮੁਸਾਫ਼ਿਰ ਦੀ ਪ੍ਰੀਖਿਆ ਬਿਖੜੇ ਰਸਤਿਆਂ ਵਿਚ ਹੀ ਹੁੰਦੀ ਹੈ ਜਿੱਥੇ ਰਸਤੇ ਵਿਚ ਇੱਟਾਂ, ਰੋੜੇ, ਕੰਡੇ ਅਤੇ ਰੁਕਾਵਟਾਂ ਹੋਣ। ਕਿਸੇ ਮਲਾਹ ਦੀ ਪ੍ਰੀਖਿਆਂ ਤਾਂ ਹੀ ਹੁੰਦੀ ਹੈ ਜੇ ਹਵਾ ਦਾ ਰੁਖ ਉੱਲਟ ਦਿਸ਼ਾ ਵਿਚ ਹੋਵੇ। ਹਵਾ ਦੇ ਉੱਲਟ ਦਿਸ਼ਾ ਵਿਚ ਚਲੱਣ ਵਿਚ ਹੀ ਉਸ ਦੀ ਮਰਦਾਨਗੀ ਹੈ। ਹਵਾ ਦੇ ਰੁਖ ਨਾਲ ਤਾਂ ਸਾਰੇ ਹੀ ਚਲ ਲੈਂਦੇ ਹਨ। ਅਣਖ ਵਾਲੇ ਲੋਕ ਤਾਂ ਚੱਟਾਨਾਂ ਵਿਚੋਂ ਵੀ ਆਪਣਾ ਰਸਤਾ ਬਣਾ ਲੈਂਦੇ ਹਨ।
ਜੋ ਬੰਦਾ ਆਪਣੇ ਤੋਂ ਉੱਪਰ ਵਾਲਿਆਂ ਨੂੰ ਦੇਖ ਕੇ ਜ਼ਿੰਉਂਦਾ ਹੈ, ਉਸ ਦੇ ਮਨ ਵਿਚ ਜਲਨ ਅਤੇ ਈਰਖਾ ਹੁੰਦੀ ਹੈ। ਉਹ ਸਦਾ ਅਸੰਤੁਸ਼ਟ ਰਹਿੰਦਾ ਹੈ। ਉਹ ਆਪਣੇ ਆਪ ਨੂੰ ਨਿਮਾਣਾ, ਨਿਤਾਣਾ ਅਤੇ ਘਟੀਆ ਸਮਝਦਾ ਹੈ ਅਤੇ ਹਰ ਸਮੇਂ ਚਿੰਤਾ ਵਿਚ ਹੀ ਰਹਿੰਦਾ ਹੈ। ਉਹ, ਆਪਣਿਆਂ ਤੋਂ ਉਪਰਲਿਆਂ ਨਾਲ ਮੁਕਾਬਲਾ ਕਰਨ ਕਾਰਨ ਅਤੇ ਅਮੀਰ ਬਣਨ ਲਈ, ਭਿਸ਼ਟਾਚਾਰ ਵੀ ਕਰਦਾ ਹੈ। ਜਿਹੜਾ ਬੰਦਾ ਆਪਣੇ ਆਪ ਤੋਂ ਥੱਲੇ ਵਾਲਿਆਂ ਨੂੰ ਦੇਖ ਕੇ ਜ਼ਿੰਉਂਦਾ ਹੈ ਤਾਂ ਮੁਸੀਬਤਾਂ ਉਸ ਦੇ ਉੱਪਰੋਂ ਦੀ ਲੰਘ ਜਾਂਦੀਆਂ ਹਨ।
ਬੇਸ਼ੱਕ ਤੁਸੀਂ ਉੱਚੇ ਆਕਾਸ਼ ਵਿਚ ਉਡਾਰੀਆਂ ਲਾਓ ਪਰ ਤੁਹਾਡੇ ਪੈਰ ਧਰਤੀ ਤੇ ਜੁੜੇ ਹੋਣੇ ਚਾਹੀਦੇ ਹਨ। ਪਰਿੰਦੇ ਦੱਸਦੇ ਹਨ ਕਿ ਆਕਾਸ਼ ਵਿਚ ਰੈਣ-ਬਸੇਰੇ ਨਹੀਂ ਹੁੰਦੇ। ਇਸ ਲਈ ਕੋਈ ਪਰਿੰਦਾ ਅਕਾਸ਼ ਵਿਚ ਭਾਵੇਂ ਜਿੰਨਾ ਮਰਜ਼ੀ ਉੱਚਾ ਉੱਡ ਲਏ ਪਰ ਭੋਜਨ ਲੈਣ ਲਈ ਉਸ ਨੂੰ ਹੇਠਾਂ ਧਰਤੀ ਤੇ ਆਉਣਾ ਹੀ ਪੈਂਦਾ ਹੈ। ਆਪਣੀਆਂ ਉਪਲੱਭਦੀਆਂ ਦੀ ਖ਼ੁਸ਼ੀ ਹੋਣੀ ਕੁਦਰਤੀ ਗੱਲ ਹੈ। ਬੰਦੇ ਨੂੰ ਮਾਣ ਵੀ ਹੋਣਾ ਹੀ ਚਾਹੀਦਾ ਹੈ ਕਿ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਨਾਲ ਉਸ ਅੰਦਰ ਨਿਮਰਤਾ ਆਉਣੀ ਚਾਹੀਦੀ ਹੈ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹ ਕਦੋਂ ਕਿਸੇ ਨੂੰ ਫ਼ਰਸ਼ ਤੋਂ ਚੁੱਕ ਕੇ ਅਰਸ਼ ਤੇ ਬਿਠਾ ਦਏ ਜਾਂ ਅਰਸ਼ ਤੋਂ ਲਿਆ ਕਿ ਫ਼ਰਸ਼ ਤੇ ਪਟਕ ਦਏ। ਸਮਾਂ ਅਤੇ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਚੰਗੇ ਨਾਲ ਚੰਗਾ ਬਣੋ ਪਰ ਬੁਰੇ ਨਾਲ ਬੁਰਾ ਨਾ ਬਣੋ। ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਨਾਲ ਚਿੱਕੜ ਸਾਫ਼ ਨਹੀਂ ਹੋ ਸਕਦਾ। ਤੁਹਡੀ ਨੇਕੀ ਤੁਹਾਡੀ ਸਭ ਤੋਂ ਚੰਗੀ ਪੂੰਜੀ ਨਿਵੇਸ਼ ਹੈ। ਜਿਸ ਵਿਚ ਕਦੀ ਕੋਈ ਘਾਟਾ ਪੈਣ ਦਾ ਕੋਈ ਜੋਖ਼ਮ ਨਹੀਂ ਹੁੰਦਾ। ਇਹ ਹਮੇਸ਼ਾਂ ਲਾਭ ਹੀ ਦਿੰਦੀ ਹੈ।
ਪਰ ਤੁਸੀਂ ਮਸ਼ਹੂਰ ਹੋਣ ਤੇ ਕਦੀ ਮਗ਼ਰੂਰ ਨਾ ਹੋਣਾ। ਹੰਕਾਰ ਦੀ ਬਿਮਾਰੀ ਸ਼ਰਾਬ ਜਿਹੀ ਹੁੰਦੀ ਹੈ ਜਿਸਦਾ ਖ਼ੁਦ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਚੜ੍ਹ ਗਈ ਹੈ। ਬਾਦਸ਼ਾਹ ਤੋਂ ਫ਼ਕੀਰ, ਫ਼ਕੀਰ ਤੋਂ ਬਾਦਸ਼ਾਹ ਬਣਦਿਆਂ ਕਦੀ ਦੇਰ ਨਹੀਂ ਲੱਗਦੀ। ਕਈ ਲੋਕਾਂ ਕੋਲ ਜ਼ਿਆਦਾ ਤਾਕਤ ਅਤੇ ਧਨ ਆ ਜਾਂਦਾ ਹੈ ਤਾਂ ਉਹ ਮਗ਼ਰੂਰ ਹੋ ਜਾਂਦੇ ਹਨ। ਤਾਕਤ ਅਤੇ ਪੈਸਾ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਹੰਕਾਰ ਨਾਲ ਉਨ੍ਹਾਂ ਦੀ ਧੌਣ ਆਕੜ ਜਾਂਦੀ ਹੈ। ਉਹ ਘੁਮੰਢੀ ਅਤੇ ਜਾਲਮ ਬਣ ਜਾਂਦੇ ਹਨ। ਇਨ੍ਹਾਂ ਜਾਲਮਾਂ ਦਾ ਫਿਰ ਅੰਤ ਵੀ ਬੁਰਾ ਹੀ ਹੁੰਦਾ ਹੈ। ਜੇ –“ਅੰਤ ਭਲੇ ਦਾ ਭਲਾ ਹੁੰਦਾ ਹੈ” ਤਾਂ “ਅੰਤ ਬੁਰੇ ਦਾ ਬੁਰਾ” ਵੀ ਤਾਂ ਹੁੰਦਾ ਹੀ ਹੈ। ਉਹ ਬੁਰੀ ਮੌਤੇ ਮਰਦੇ ਹਨ। ਵੱਡੇ ਵੱਡੇ ਤਾਨਾਸ਼ਾਹਾਂ ਨੇ ਜਿੰਨ੍ਹਾਂ ਨੇ ਦੁਨੀਆਂ ਵਿਚ ਬਹੁਤ ਅੱਤ ਚੁੱਕੀ ਤੇ ਮਨੁੱਖਤਾ ਦਾ ਘਾਣ ਕੀਤਾ ਉਨ੍ਹਾਂ ਦਾ ਆਪਣਾ ਬਹੁਤ ਬੁਰਾ ਅੰਤ ਹੋਇਆ। ਆਮ ਤੋਰ ਤੇ ਉਹ ਕੁਦਰਤੀ ਮੌਤ ਨਹੀਂ ਮਰੇ ਸਗੋਂ ਉਨ੍ਹਾਂ ਨੂੰ ਬਹੁਤ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਇਸੇ ਲਈ ਕਹਿੰਦੇ ਹਨ ਕਿ-“ਹੰਕਾਰਿਆ, ਸੋ ਮਾਰਿਆ।”
ਇਹ ਠੀਕ ਹੈ ਕਿ ਮੁਸ਼ਕਲ ਅਤੇ ਗ਼ਰੀਬੀ ਦੇ ਸਮੇਂ ਵਿਚ ਸਬਰ ਸੰਤੋਖ ਬਹੁਤ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਵਿਹਲਾ ਬੈਠਾ ਰਹੇ ਅਤੇ ਮਿਹਨਤ ਤੋਂ ਹੀ ਮੂੰਹ ਮੋੜ ਲਏ। ਇਹ ਵੀ ਠੀਕ ਹੈ ਕਿ ਉਮੀਦ ਤੇ ਹੀ ਦੁਨੀਆਂ ਕਾਇਮ ਹੈ। ਸੁਪਨੇ ਸਾਰੇ ਹੀ ਦੇਖਦੇ ਹਨ ਪਰ ਸੁਪਨੇ ਸਾਕਾਰ ਉਨ੍ਹਾਂ ਦੇ ਹੀ ਹੁੰਦੇ ਹਨ ਜੋ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਸੁੱਖ ਆਰਾਮ ਦਾ ਤਿਆਗ ਕਰ ਕੇ ਦ੍ਰਿੜ ਇਰਾਦੇ ਨਾਲ ਮਿਹਨਤ ਕਰਦੇ ਹਨ। ਬੇਸ਼ੱਕ ਮੁਸੀਬਤ ਦੇ ਸਮੇਂ ਤੁਸੀਂ ਇਕੱਲਿਆਂ ਰਹਿ ਜਾਵੋ ਪਰ ਹਿੰਮਤ ਨਾ ਹਾਰੋ ਕਿਉਂਕਿ ਮਨੁੱਖ ਨੂੰ ਜ਼ਿੰਦਗੀ ਦੀ ਲੜਾਈ ਇਕੱਲਿਆਂ ਹੀ ਲੜਨੀ ਪੈਂਦੀ ਹੈ। ਅਜਿਹੇ ਸਮੇਂ ਲੋਕ ਸਲਾਹ ਤਾਂ ਦਿੰਦੇ ਹਨ ਪਰ ਸਾਥ ਕੋਈ ਨਹੀਂ ਦਿੰਦਾ।
ਪੈਸੇ ਦਾ ਗ਼ਰੂਰ ਨਾ ਕਰੋ। ਦੂਸਰੇ ਨੂੰ ਮੁਸੀਬਤ ਵਿਚ ਦੇਖ ਕੇ ਕਦੀ ਖ਼ੁਸ਼ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ। ਦੂਸਰੇ ਦੀ ਮਜ਼ਬੂਰੀ ਜਾਂ ਬੇਬੱਸੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸਗੋਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਆਪਣੀ ਔਕਾਤ ਨੂੰ ਕਦੀ ਨਾ ਭੁੱਲੋ। ਸਮਾਂ ਬਹੁਤ ਬਲਵਾਨ ਹੈ। ਤੁਹਾਡੀ ਅਮੀਰੀ ਗ਼ਰੀਬੀ, ਉੱਚਾ ਜਾਂ ਨੀਵਾਂ ਅਹੁਦਾ ਸਭ ਪ੍ਰਮਾਤਮਾ ਦੇ ਹੱਥ ਹੈ। ਫਿਰ ਘੁਮੰਢ ਕਾਹਦਾ? ਲੋਕ ਤੁਹਾਨੂੰ ਤੁਹਾਡੇ ਅਹੁਦੇ ਤੋਂ ਨਹੀਂ ਪਹਿਚਾਣਦੇ ਸਗੋਂ ਤੁਹਾਡੀ ਸ਼ਖਸੀਅਤ ਅਤੇ ਗੁਣਾਂ ਦੀ ਕਦਰ ਕਰਦੇ ਹਨ। ਅਹੁਦਾ ਤਾਂ ਕਦੇ ਵੀ ਖੁਸ ਸਕਦਾ ਹੈ ਪਰ ਗੁਣਾਂ ਨੂੰ ਕੋਈ ਨਹੀਂ ਚੁਰਾ ਸਕਦਾ।
ਸਬਰ ਵਾਲੇ ਲੋਕ ਆਪਣੀ ਮਿਹਨਤ ਨਾਲ ਉੱਪਰ ਉੱਠਦੇ ਹਨ, ਤਾਂ ਉਹ ਕਦੀ ਆਪਣੀ ਔਕਾਤ ਨੂੰ ਨਹੀਂ ਭੁਲਦੇ। ਉਹ ਕਦੀ ਹੰਕਾਰ ਵਿਚ ਨਹੀਂ ਆਉਂਦੇ ਕਿ ਮੈਂ ਕਿੰਨਾ ਉੱਪਰ ਉੱਠ ਗਿਆ ਹਾਂ। ਉਹ ਹਮੇਸ਼ਾਂ ਯਾਦ ਰੱਖਦੇ ਹਨ ਕਿ ਮੈਂ ਕਿੱਥੋਂ ਉੱਠ ਕੇ ਆਇਆਂ ਹਾਂ। ਆਪਣਾ ਮਾੜਾ ਸਮਾਂ ਹਮੇਸ਼ਾਂ ਉਨ੍ਹਾਂ ਦੇ ਚੇਤੇ ਵਿਚ ਰਹਿੰਦਾ ਹੈ ਜੋ ਉਨ੍ਹਾਂ ਨੂੰ ਕਦੀ ਮਗ਼ਰੂਰ ਨਹੀਂ ਹੋਣ ਦਿੰਦਾ। ਉਹ ਹਮੇਸ਼ਾਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ। ਜਦ ਤੱਕ ਪੱਤਾ ਆਪਣੀ ਟਹਿਣੀ ਨਾਲ ਜੁੜਿਆ ਰਹਿੰਦਾ ਹੈ, ਉਹ ਸੁਰੱਖਿਅਤ ਰਹਿੰਦਾ ਹੈ। ਟਾਹਣੀ ਨਾਲੋਂ ਟੁੱਟ ਕੇ ਉਹ ਸੁੱਕ ਜਾਂਦਾ ਹੈ ਅਤੇ ਮਿੱਟੀ ਵਿਚ ਰੁਲ ਜਾਂਦਾ ਹੈ। ਆਪਣੇ ਧਨ ਦਾ ਜਾਂ ਉੱਚੇ ਅੋਹੁਦੇ ਦਾ ਕਦੀ ਮਾਂ-ਪਿਓ ਨੂੰ ਰੋਅਬ ਨਾ ਦੇਣਾ। ਉਨ੍ਹਾਂ ਨੇ ਆਪਣੇ ਖ਼ੂਨ ਪਸੀਨੇ ਨਾਲ ਤੁਹਾਡੀ ਜ਼ਿੰਦਗੀ ਦੇ ਬੂਟੇ ਨੂੰ ਸਿੰਜਿਆ ਹੈ ਤਾਂ ਹੀ ਤੁਸੀਂ ਧਰਤੀ ’ਤੋਂ ਉੱਪਰ ਸਿਰ ਉਠਾ ਕੇ ਖੜ੍ਹੇ ਹੋ। ਇਸ ਲਈ ਉਨ੍ਹਾਂ ਦਾ ਬਾਦਸ਼ਾਹਾਂ ਦੀ ਤਰ੍ਹਾਂ ਸਤਿਕਾਰ ਕਰੋ। ਜ਼ਿੰਦਗੀ ਦਾ ਹਰ ਪਲ ਖ਼ੁਸ਼ ਰਹਿ ਕੇ ਜੀਓ ਕਿਉਂਕਿ ਰੋਜ਼ ਸ਼ਾਮ ਸਿਰਫ਼ ਸੂਰਜ ਹੀ ਨਹੀਂ ਢਲਦਾ, ਤੁਹਾਡੀ ਅਨਮੋਲ ਜ਼ਿੰਦਗੀ ਵੀ ਢਲਦੀ ਹੈ।