ਜਿਸ ਕੋਲ ਸਮਝ ਹੈ, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੈ। ਜੋ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿਚ ਆਪਸੀ ਪਿਆਰ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਕਹਿਣ ਦਾ ਭਾਵ ਹੈ ਕਿ ਹਵਾ, ਪਾਣੀ ਕੋਈ ਵੀ ਖਾਣ ਵਾਲੀ ਚੀਜ਼ ਸ਼ੁੱਧ ਮਿਲ ਜਾਂਦੀ ਸੀ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਿਲਾਵਟ ਕੀ ਹੁੰਦੀ ਹੈ? ਜੋ ਪਰਿਵਾਰ ਉਸ ਸਮੇਂ ਦੁੱਧ ਵੇਚਦੇ ਸਨ, ਉਹ ਪਰਿਵਾਰ ਸਾਫ਼-ਸੁਥਰਾ ਸ਼ੁੱਧ ਦੁੱਧ ਵੇਚਦੇ ਸਨ। ਜੇਕਰ ਕੋਈ ਦੁੱਧ ਵਿਚ ਮਿਲਾਵਟ ਵੀ ਕਰਦਾ ਸੀ ਤਾਂ ਉਹ ਸਾਫ਼ ਪਾਣੀ ਹੀ ਪਾਉਂਦਾ ਸੀ ਪਰ ਅੱਜ ਦੇ ਸਮੇਂ ’ਚ ਮਿਲਾਵਟ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਅੱਜ ਦਾ ਇਨਸਾਨ ਆਪਣੇ ਨਿੱਜੀ ਸਵਾਰਥਾਂ ਖਾਤਰ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਮਿਲਾਵਟ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਗੋਰਖ ਧੰਦੇ ਨੇ ਪਤਾ ਨਹੀਂ ਕਿੰਨੇ ਹੀ ਇਨਸਾਨਾਂ ਦੀ ਜਾਨ ਲੈ ਲਈ ਹੈ। ਕੋਈ ਵੀ ਖਾਣ-ਪੀਣ ਦੀ ਚੀਜ਼ ਲੈ ਲਓ, ਅੱਜ ਦੇ ਸਮੇਂ ਉਹ ਸ਼ੁੱਧ ਨਹੀਂ ਹੈ। ਚਾਹੇ ਉਹ ਦੁੱਧ ਲੈ ਲਓ, ਦੇਸੀ ਘਿਉ, ਮਿਠਾਈਆਂ ਜਾਂ ਦਵਾਈਆਂ ਲੈ ਲਓ, ਹਰ ਚੀਜ਼ ਮਿਲਾਵਟ ਨਾਲ ਬਾਜ਼ਾਰ ’ਚ ਵਿੱਕ ਰਹੀ ਹੈ। ਨਾਮੀ ਕੰਪਨੀਆਂ ਦੇ ਮਾਅਰਕੇ ਲਗਾ ਕੇ ਕਈ ਵਾਰ ਬੰਦ ਡੱਬਿਆਂ ਵਿੱਚ ਮਿਲਾਵਟ ਬਹੁਤ ਜ਼ਿਆਦਾ ਦੇਖੀ ਜਾ ਸਕਦੀ ਹੈ। ਕਹਿਣ ਦਾ ਭਾਵ ਹੈ ਕਿ ਅੱਜ ਦਾ ਇਨਸਾਨ ਨਿਰਾ ਜ਼ਹਿਰ ਖਾ ਰਿਹਾ ਹੈ।
ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨੀਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿੱਚ ਵਿਚ ਹੀ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਜੇ ਤੰਦਰੁਸਤ ਰਹਾਂਗੇ ਤਾਂ ਹੀ ਅਸੀਂ ਆਪਣੇ ਕੰਮਕਾਜ ਕਰ ਸਕਾਂਗੇ। ਮਿਲਾਵਟੀ ਚੀਜ਼ਾਂ ਖਾਣ ਨਾਲ ਤਾਂ ਹਰ ਰੋਜ਼ ਕਿਸੇ ਨਾ ਕਿਸੇ ਬਿਮਾਰੀ ਕਾਰਨ ਪੀੜਤ ਰਹਾਂਗੇ। ਹਰ ਰੋਜ਼ ਡਾਕਟਰ ਜਾਂ ਮੈਡੀਕਲ ਲੈਬ ਦੇ ਚੱਕਰ ਹੀ ਲਗਾਉਂਦੇ ਰਹਾਂਗੇ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਮੈਡੀਕਲ ਸਟੋਰਾਂ ’ਤੇ ਨਕਲੀ ਦਵਾਈਆਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਇਕ ਤਰ੍ਹਾਂ ਦੀਆਂ ਨਕਲੀ ਦਵਾਈਆਂ ਬਣਾ ਕੇ ਬਾਜ਼ਾਰ ਵਿਚ ਉਤਾਰ ਦਿੰਦੀਆਂ ਹਨ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ ’ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ ’ਚ ਨਕਲੀ ਮਿਠਿਆਈਆਂ, ਖੋਆ ਕੁਇੰਟਲਾਂ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ। ਹਰ ਰੋਜ਼ ਸਿਹਤ ਵਿਭਾਗ ਟੀਮਾਂ ਬਣਾ ਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚ ਭੇਜਦਾ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ ਲਏ ਜਾਂਦੇ ਹਨ। ਇਹ ਜ਼ਿਆਦਾਤਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਹੀ ਹੁੰਦਾ ਹੈ। ਹਰ ਸ਼ਹਿਰ ’ਚ ਸ਼ਾਮ ਨੂੰ ਇਕ ਜਗ੍ਹਾ ’ਤੇ ਜੰਕ ਫੂਡ ਦੀਆਂ ਰੇਹੜੀਆਂ ਲੱਗਦੀਆਂ ਹਨ। ਇਹ ਰੇਹੜੀਆਂ ਵਾਲੇ ਨਕਲੀ ਰਿਫਾਇੰਡ ਦੀ ਮਦਦ ਨਾਲ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਬਣਾ ਕੇ ਲੋਕਾਂ ਨੂੰ ਪਰੋਸ ਰਹੇ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਫਿਰ ਉਨ੍ਹਾਂ ਦੇ ਖਿਲਾਫ਼ ਵਿਭਾਗੀ ਕਾਰਵਾਈ ਵੀ ਹੁੰਦੀ ਹੈ। ਵਿਚਾਰਨ ਵਾਲੀ ਗੱਲ ਹੈ ਕਿ ਖਾਣ-ਪੀਣ ਦੇ ਸ਼ੌਕੀਨ ਤਾਂ ਹਰ ਰੋਜ਼ ਹੀ ਕੁਝ ਨਾ ਕੁਝ ਖਾਣ-ਪੀਣ ਵਾਲੀਆਂ ਵਸਤਾਂ ਮਿਠਾਈਆਂ ਦੀਆਂ ਦੁਕਾਨਾਂ ਤੋਂ ਲੈ ਕੇ ਖਾਂਦੇ ਹਨ। ਇਹ ਜਾਂਚ-ਪੜਤਾਲ ਸਿਰਫ਼ ਤਿਉਹਾਰਾਂ ਦੇ ਸੀਜ਼ਨ ਵਿਚ ਹੀ ਕਿਉਂ? ਸਾਰਾ ਸਾਲ ਕਿਉਂ ਨਹੀਂ ਕੀਤੀ ਜਾਂਦੀ?
ਜੋ ਪਿੰਡਾਂ ਵਿੱਚੋਂ ਦੁੱਧ ਲੈ ਕੇ ਦੋਧੀ ਸ਼ਹਿਰ ਵੱਲ ਜਾਂਦੇ ਹਨ, ਇਨ੍ਹਾਂ ਦੇ ਹਰ ਹਫ਼ਤੇ ਡੇਅਰੀ ਵਿਭਾਗ ਵਲੋਂ ਕੈਂਪ ਲਗਾ ਕੇ ਨਮੂਨੇ ਭਰਨੇ ਚਾਹੀਦੇ ਹਨ। ਬਣਦੀ ਕਾਰਵਾਈ ਕਰਨੀ ਚਾਹੀਦੀ ਹੈ, ਜੋ ਡੇਅਰੀਆਂ ’ਤੇ ਨਕਲੀ ਦੁੱਧ, ਖੋਆ, ਪਨੀਰ ਮਿਲਦਾ ਹੈ, ਉਸ ਦੀ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ-ਵੱਖ ਰਸਾਇਣਕ ਤੱਤਾਂ ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰ ਕੇ ਵੇਚਣ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖੁਆਇਆ ਗਿਆ ਹੋਣਾ। ਆਮ ਤੌਰ ’ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ-ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਵੀ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਵਿਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸੱਜ ਜਾਂਦੀਆਂ ਹਨ। ਮਿਲਾਵਟੀ ਚੀਜ਼ਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ, ਦਮਾ, ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਖੋਰਾਂ ਨਾਲ ਸਰਕਾਰਾਂ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ।