ਆਪਣੀ ਪੂਰੀ ਜ਼ਿੰਦਗੀ ਵਿੱਚ ਇਨਸਾਨ ਵੱਖ-ਵੱਖ ਤਰ੍ਹਾਂ ਦਾ ਅਹਿਸਾਸ ਕਰਦਾ ਹੈ। ਕਦੇ ਉਸ ਦੀ ਜ਼ਿੰਦਗੀ ਵਿੱਚ ਸੁੱਖ ਆਉਂਦੇ ਹਨ, ਕਦੇ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੁਸ਼ੀ, ਸੁੱਖ, ਦੁੱਖ, ਗਮੀ ਇਹ ਮਨੁੱਖੀ ਜੀਵਨ ਵਿੱਚ ਆਉਂਦੇ-ਜਾਂਦੇ ਰਹਿੰਦੇ ਹਨ। ਅਸੀਂ ਸਾਰੇ ਹੀ ਸੋਚਦੇ ਹਾਂ, ਕਹਿੰਦੇ ਹਾਂ ਕਿ ਜ਼ਿੰਦਗੀ ਖੂਬਸੂਰਤ ਹੈ, ਜ਼ਿੰਦਗੀ ਨੂੰ ਖੂਬਸੂਰਤ ਅੰਦਾਜ ਨਾਲ ਜਿਊਣਾ ਚਾਹੀਦਾ ਹੈ। ਇਹ ਜ਼ਿੰਦਗੀ ਬਹੁਤ ਅਨਮੋਲ ਹੈ। ਕੀਮਤੀ ਖਜਾਨਾ ਹੈ ਪਰ ਕਿਸ ਤਰ੍ਹਾਂ ਜਿਊਣਾ ਹੈ ਇਸ ਗੱਲ ਨੂੰ ਕਦੇ ਡੂੰਘਾਈ ਵਿੱਚ ਜਾ ਕੇ ਵਿਚਾਰ ਨਹੀਂ ਕੀਤਾ।
ਜੇ ਮਾੜਾ ਸਮਾਂ ਜਾਂ ਕੋਈ ਗਮੀ ਆ ਜਾਂਦੀ ਹੈ ਤਾਂ ਅਸੀਂ ਢਹਿ-ਢੇਰੀ ਹੋ ਜਾਂਦੇ ਹਨ। ਜ਼ਿੰਦਗੀ ਬੋਝ ਜਿਹੀ ਲੱਗਣ ਲੱਗ ਜਾਂਦੀ ਹੈ। ਹੌਂਸਲਾ ਛੱਡ ਦਿੰਦੇ ਹਨ। ਸਹਿਣਸ਼ੀਲਤਾ ਖ਼ਤਮ ਹੋ ਜਾਂਦੀ ਹੈ। ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਾਂ। ਜੀਵਨ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਸ ਦਾ ਹੱਲ ਨਾ ਹੋਵੇ। ਘਾਤਕ ਬਿਮਾਰੀਆਂ ਦਾ ਵੀ ਵਿਗਿਆਨੀਆਂ ਨੇ ਇਲਾਜ ਕੱਢ ਲਿਆ ਹੈ। ਕੁੱਝ ਵੀ ਅਸੰਭਵ ਨਹੀਂ ਹੈ। ਮੰਜ਼ਿਲ ’ਤੇ ਪੁੱਜਣ ਲਈ ਤਰ੍ਹਾਂ-ਤਰ੍ਹਾਂ ਦੇ ਤਜ਼ਰਬਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹ ਤਾਂ ਨਹੀਂ ਕਿ ਤੁਹਾਨੂੰ ਕੋਈ ਔਕੜ ਨਾ ਆਈ ਹੋਵੇ ਜਾਂ ਕਿਸੇ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਮੰਜ਼ਿਲ, ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਮਿਹਨਤ ਕਰਨ ਪੈਂਦੀ ਹੈ। ਫਿਰ ਅਸੀਂ ਸਾਰੀ ਉਮਰ ਸੁੱਖ ਮਾਣਦੇ ਹਾਂ। ਜੀਵਨ ਵਿੱਚ ਸੰਜਮ, ਸਬਰ, ਸਹਿਣਸ਼ੀਲਤਾ, ਆਪਣੇ ਉੱਤੇ ਕੀਤਾ ਵਿਸ਼ਵਾਸ ਹਰ ਮੁਸ਼ਕਿਲ ਘੜੀ ’ਚੋਂ ਕੱਢਣ ਲਈ ਅਸਰਦਾਰ ਹੁੰਦੇ ਹਨ। ਹਾਲਾਤ ਕਿਹੋ-ਜਿਹੇ ਵੀ ਹੋਣ। ਕਦੇ ਵੀ ਆਪਣੇ-ਆਪ ਨੂੰ ਹਾਰਿਆ ਹੋਇਆ ਮਹਿਸੂਸ ਨਾ ਕਰੋ। ਉਲਟ ਹਾਲਾਤਾਂ ਵਿੱਚ ਵੀ ਸਕਾਰਾਤਮਕ ਸੋਚ ਰੱਖੋ। ਲੜਨ ਦਾ ਜ਼ਜ਼ਬਾ ਬਰਕਰਾਰ ਰੱਖੋ। ਅੰਦਰਲਾ ਮਨ ਮਜ਼ਬੂਤ ਰੱਖੋ। ਦ੍ਰਿੜ ਇੱਛਾ ਸ਼ਕਤੀ ਨਾਲ ਹੀ ਤੁਸੀਂ ਵੱਡੀ ਤੋਂ ਵੱਡੀ ਮੁਸੀਬਤ ਨੂੰ ਜਿੱਤ ਸਕਦੇ ਹੋ। ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ। ਜਦੋਂ ਤੁਸੀਂ ਆਪਣੇ ਮਨ ਤੋਂ ਹਾਰ ਜਾਂਦੇ ਹੋ, ਚਾਹੇ ਜਿੰਨੀ ਮਰਜੀ ਕੋਸ਼ਿਸ਼ ਕਰ ਲਓ ਫਿਰ ਤੁਸੀਂ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਜੇ ਅੰਦਰਲਾ ਮਜ਼ਬੂਤ ਹੋਵੇਗਾ, ਆਪਣੇ ਆਪ ’ਤੇ ਵਿਸ਼ਵਾਸ ਹੋਵੇਗਾ ਚਾਹੇ ਜਿੰਨੀ ਮਰਜ਼ੀ ਵੱਡੀ ਔਕੜ ਕਿਉਂ ਨਾ ਹੋਵੇ ਤਸੀਂ ਜਿੱਤ ਲਵੋਗੇ। ਹਾਰ ਜਿੱਤ ਤੁਹਾਡੇ ਆਪਣੇ ਹੱਥ ਵਿੱਚ ਹੁੰਦੀ ਹੈ। ਤੁਸੀਂ ਆਪਣੇ ਆਪ ਫੈਸਲਾ ਲੈਣਾ ਹੁੰਦਾ ਹੈ। ਜੇ ਤੁਹਾਡਾ ਮਨ ਪਹਿਲਾਂ ਹੀ ਕਹੇਗਾ ਕਿ ਤੁਸੀਂ ਇਹ ਨਹੀਂ ਕਰ ਸਕਦੇ, ਤੁਹਾਨੂੰ ਜਿੱਤ ਹਾਸਲ ਨਹੀਂ ਹੋ ਸਕਦੀ ਤਾਂ ਤੁਸੀਂ ਉਸ ਕੰਮ ਨੂੰ ਫਿਰ ਚੰਗੀ ਨੀਅਤ ਨਾਲ ਨਹੀਂ ਕਰਦੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਹਾਰਨਾ ਹੈ। ਫਿਰ ਤੁਸੀਂ ਦੂਜਿਆਂ ਨੂੰ ਖੁਸ਼ ਕਰਨ ਲਈ ਉਹ ਕੰਮ ਕਰਦੇ ਹੋ, ਤੁਸੀਂ ਆਪਣੇ ਪੈਰ ਪਹਿਲਾਂ ਹੀ ਪਿੱਛੇ ਖਿੱਚਣਾ ਸ਼ੁਰੂ ਕਰ ਦਿੰਦੇ ਹੋ। ਹਾਲਾਤਾਂ ਤੋਂ ਤੁਸੀਂ ਟੁੱਟ ਜਾਂਦੇ ਹੋ। ਮੁਕਾਮ ਨੂੰ ਹਾਸਲ ਕਰਨ ਲਈ ਜੇ ਤੁਹਾਡਾ ਪਹਿਲਾਂ ਹੀ ਦ੍ਰਿੜ ਵਿਸ਼ਵਾਸ ਹੋਵੇਗਾ, ਜੇ ਤੁਸੀਂ ਪਹਿਲਾਂ ਹੀ ਕਹੋਗੇ ਕਿ ਮੈਂ ਇਹ ਮੁਕਾਮ ਜਰੂਰ ਹਾਸਲ ਕਰਨਾ ਹੈ, ਚਾਹੇ ਜਿੰਨੀ ਮਰਜੀ ਔਕੜ ਕਿਉਂ ਨਾ ਹੋਵੇ ਤੁਸੀਂ ਕਰ ਲੈਂਦੇ ਹੋ, ਕਿਉਂਕਿ ਤੁਹਾਡਾ ਅੰਦਰਲਾ ਮਨ ਮਜਬੂਤ ਹੋ ਚੁੱਕਿਆ ਹੁੰਦਾ ਹੈ । ਸਾਡੇ ਸਾਹਮਣੇ ਮਿਸਾਲਾਂ ਹਨ ਜਿਨ੍ਹਾਂ ਨੇ ਉਲਟ ਹਾਲਾਤਾਂ ’ਚ ਵੀ ਸਕਾਰਾਤਮਕ ਸੋਚ ਰੱਖ ਕੇ ਮੰਜ਼ਿਲ ਨੂੰ ਸਰ ਕੀਤਾ। ਕਈ 100 ਸਾਲਾਂ ਦੇ ਇਨਸਾਨਾਂ ਨੇ ਪੜ੍ਹਾਈ-ਲਿਖਾਈ ਕਰਕੇ ਨੌਕਰੀ ਪ੍ਰਾਪਤ ਕੀਤੀ। ਅਜਿਹੀਆਂ ਬਹੁਤ ਮਿਸਾਲਾਂ ਹਨ। ਸ਼ੁਰੂ ਤੋਂ ਹੀ ਸਕਾਰਾਤਮਕ ਸੋਚ, ਵਧੀਆ ਯਤਨ ਕਰਕੇ ਅੰਤਿਮ ਪੜਾਵਾਂ ਤੱਕ ਤੁਸੀਂ ਮੰਜ਼ਿਲ ਨੂੰ ਹਾਸਲ ਕਰ ਸਕਦੇ ਹੋ। ਤੁਹਾਡਾ ਵਿਸ਼ਵਾਸ ਹੀ ਤੁਹਾਨੂੰ ਉਸ ਮੁਕਾਮ ’ਤੇ ਲੈ ਕੇ ਜਾਵੇਗਾ। ਚੰਗੇ ਲੋਕਾਂ ਦੀ ਸੰਗਤ ਵੀ ਤੁਹਾਨੂੰ ਜਿਊਣ ਦਾ ਅਸਲ ਢੰਗ ਸਿਖਾਉਂਦੀ ਹੈ। ਮਾੜੇ ਲੋਕਾਂ ਤੋਂ ਦੂਰ ਰਹੋ, ਪਰਛਾਵਾਂ ਤੱਕ ਵੀ ਨਾ ਲਓ। ਚੰਗੀਆਂ ਕਿਤਾਬਾਂ ਦਾ ਸੰਗ ਕਰੋ, ਜੋ ਤੁਹਾਨੂੰ ਅੱਗੇ ਵਧਣ ਲਈ ਹਮੇਸ਼ਾ ਪ੍ਰੇਰਿਤ ਕਰਨ। ਇਹ ਜ਼ਰੂਰੀ ਨਹੀਂ ਕਿ ਮੁਕਾਮ ਤੁਹਾਨੂੰ ਪਹਿਲੀ ਵਾਰ ਮਿਲ ਜਾਵੇ, ਅਗਲੀ ਵਾਰ ਕੋਸ਼ਿਸ਼ ਕਰੋ । ਦਰੱਖਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਦੋਂ ਪੱਤਝੜ ਆਉਂਦੀ ਹੈ ਤਾਂ ਸਾਰੇ ਪੱਤੇ ਝੜ ਜਾਂਦੇ ਹਨ ਤੇ ਰੁੱਖ ਨਵੇਂ ਪੱਤੇ ਆਉਣ ਦੀ ਆਸ ਕਰਦੇ ਹਨ। ਉਨ੍ਹਾਂ ਨੂੰ ਵੀ ਹੁੰਦਾ ਹੈ ਕਿ ਉਹ ਰਾਹਗੀਰਾਂ ਨੂੰ ਛਾਂ ਦੇਣ। ਸਾਨੂੰ ਵਧੀਆ ਜ਼ਿੰਦਗੀ ਜਿਊਣ ਲਈ ਕੁਦਰਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਨ੍ਹਾਂ ਤੋਂ ਵਧੀਆ ਬਿਹਤਰੀਨ ਸਾਨੂੰ ਹੋਰ ਕੋਈ ਨਹੀਂ ਦੱਸ ਸਕਦਾ। ਇਸ ਲਈ ਜ਼ਿੰਦਗੀ ਵਿੱਚ ਦੁੱਖ, ਤਕਲੀਫਾਂ, ਗਮਾਂ ਦੀ ਪਰਵਾਹ ਕੀਤੇ ਬਿਨਾਂ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦੇ ਹਾਂ।