ਸੰਘਰਸ਼ ਦਾ ਦੂਜਾ ਨਾਮ ਡਾਇਰੈਕਟਰ ਮਨੋਜ ਸ਼ਰਮਾ

ਪੰਜਾਬੀ ਸੰਗੀਤ ਜਗਤ ਨੇ ਦੁਨੀਆ ਭਰ ਵਿਚ ਧੂੰਮਾਂ ਪਾਈਆ ਹੋਈਆ ਨੇ ਤੇ ਇਸ ਪੰਜਾਬੀ ਸੰਗੀਤ ਨੂੰ ਸਰੋਤਿਆ ਤੱਕ ਜਾਂ ਫਿਰ ਗੀਤਾਂ ਦੇ ਵੀਡਿਉ ਦੇਖਣ ਵਾਲੇ ਦਰਸ਼ਕਾਂ ਤੱਕ ਯੋਗ ਢੰਗ ਨਾਲ ਪੁੱਜਦਾ ਕਰਨ ਲਈ ਗਾਇਕ, ਗੀਤਕਾਰ, ਮਿਊਜਿਕ ਡਾਇਰੈਕਟਰ, ਵੀਡਿਉ ਡਾਇਰੈਕਟਰ, ਕੈਮਰਾਮੈਨ, ਵੀਡਿਉ ਅਡਿਟਰ, ਲਾਇਟਮੈਨ, ਮੇਕਅਪ ਮੈਨ ਸਮੇਤ ਪੂਰੀ ਟੀਮ ਦੀ ਮਿਹਨਤ ਹੁੰਦੀ ਆ। ਜਦੋਂ ਇਕ ਗੀਤ ਕਾਪੀ 'ਚ ਲਿਖਿਆ ਜਾਂਦਾ ਹੈ ਤਾਂ ਹਰ ਇਕ ਲਿਖਣ ਵਾਲੇ ਦੇ ਮਨ ਵਿਚ ਇਹੀ ਲਾਲਸਾ ਹੁੰਦੀ ਆ ਕਿ ਕਾਸ਼ ਇਸਦੀ ਵੀਡਿਉ ਬਣ ਜਾਵੇ ਅਤੇ ਇਸ ਵੀਡਿਉ ਦੇ ਕਾਰਜ ਲਈ ਕਿਸੇ ਯੋਗ ਵੀਡਿਉ ਡਾਇਰੈਕਟਰ ਦੀ ਲੋੜ ਹੁੰਦੀ ਆ ਤੇ ਅਜਿਹਾ ਹੀ ਇਕ ਪ੍ਰਸਿੱਧ ਤੇ ਹੋਣਹਾਰ ਵੀਡਿਉ ਡਾਇਰੈਕਟਰ ਹੈ ਮਨੋਜ ਸ਼ਰਮਾ। ਹਰਿਆਣਾ ਦੇ ਪੰਚਕੂਲਾ 'ਚ ਪਿਤਾ ਸ੍ਰੀ ਦਵਾਰਕਾ ਨਾਥ ਤੇ ਮਾਤਾ ਇੰਦਰਾ ਸ਼ਰਮਾ ਦੇ  ਘਰ ਪੈਦਾ ਹੋਏ ਮਨੋਜ ਸ਼ਰਮਾ ਨੇ ਮੁੱਢਲੀ ਪੜਾਈ ਪੰਚਕੂਲਾ ਤੋਂ ਹੀ ਪ੍ਰਾਪਤ ਕੀਤੀ। ਇਸ ਸਮੇੰ ਵਿਚ ਹੀ ਮਨੋਜ ਨੇ ਅੰਦਰੋ ਅੰਦਰੀ ਸੰਗੀਤਕ ਖੇਤਰ ਨਾਲ ਜੁੜਨ ਦਾ ਫੈਸਲਾ ਕਰ ਲਿਆ ਸੀ, ਪਰ ਇਸ ਵਿਸ਼ਾਲ ਸੰਗੀਤਕ ਖੇਤਰ ਵਿਚ ਸ਼ੁਰੂਆਤ ਕਰਨਾ ਕੋਈ ਅਸਾਨ ਕੰਮ ਨਹੀਂ ਸੀ। ਹਰ ਇਕ ਦੀ ਤਰਾਂ ਮਨੋਜ ਨੇ ਵੀ ਸੰਘਰਸ਼ ਦਾ ਰਾਹ ਚੁਣ ਲਿਆ, ਇਸ ਲਈ ਉਸਨੇ ਪਹਿਲਾ ਬਤੌਰ ਸਪਾਟ ਬੁਆਏ ਇਸ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ। ਮਨੋਜ ਸ਼ਰਮਾ ਦੀ ਲਗਾਤਾਰ ਲਗਨ ਤੇ ਸਖਤ ਮਿਹਨਤ ਨੇ ਉਸ ਨੂੰ ਪੰਜਾਬ ਦੀ ਪ੍ਰਸਿੱਧ ਵੀਡਿਉ ਡਾਇਰੈਕਟਰ ਪਰਮੋਦ ਸ਼ਰਮਾ ਰਾਣਾ ਨਾਲ ਬਤੌਰ ਸਹਾਇਕ ਕੈਮਰਾਮੈਨ ਰਹਿਣ ਦਾ ਮੌਕਾ ਦਵਾਇਆ। ਇਸ ਦੌਰਾਨ ਮਨੋਜ ਸ਼ਰਮਾ ਨੇ ਪੰਜਾਬ ਦੇ ਅਨੇਕਾਂ ਗਾਇਕਾਂ ਦੀਆਂ ਵੀਡਿਉ ਨਿਰਦੇਸ਼ਨਾਂ 'ਚ ਕੰਮ ਕੀਤਾ। ਮਨੋਜ ਨੇ ਕੰਮ ਨੂੰ ਇਸ ਕਦਰ ਜੱਫੀ ਪਾ ਲਈ ਕਿ ਨਾ ਕੰਮ ਨੇ ਉਸਨੂੰ ਛੱਡਿਆ ਤੇ ਨਾ ਹੀ ਉਹਨੇ ਕੰਮ ਨੂੰ ਚੱਲ ਸੋ ਚੱਲ ਹੀ ਰਹੀ। ਅਖੀਰ ਮਨੋਜ ਸ਼ਰਮਾ ਦੀ ਜਿੰਦਗੀ 'ਚ ਉਹ ਦਿਨ ਆਇਆ ਜਦੋੰ ਵੀਡਿਉ ਡਾਇਰੈਕਟਰ ਦੇ ਸਾਹਮਣੇ ਮਨੋਜ ਸ਼ਰਮਾ ਦਾ ਨਾਮ ਲਿਖਿਆ ਜਾਣ ਲੱਗਾ। ਪ੍ਰਸਿੱਧ ਗਾਇਕ ਗੈਰੀ ਸੰਧੂ ਦੇ ਗੀਤ ਨਾਲ ਬਤੌਰ ਡਾਇਰੈਕਟਰ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਗਾਇਕ ਤੇ ਗੀਤਕਾਰ ਵੀਤ ਬਲਜੀਤ, ਫਤਹਿ ਸ਼ੇਰਗਿੱਲ ਜੈਸਮੀਨ ਅਖਤਰ, ਸੰਗਰਾਮ ਹਜਾਰਾ, ਮਾਸ਼ਾ ਅਲੀ ਆਦਿ ਅਨੇਕਾਂ ਗਾਇਕਾ ਤੇ ਗਾਇਕਾਵਾਂ ਦੇ ਗੀਤਾਂ ਦੀ ਵੀਡਿਉ ਬਣਾ ਚੁੱਕੇ ਹਨ। ਇਸ ਤੋਂ ਇਲਾਵਾ ਪੀ.ਟੀ.ਸੀ ਪੰਜਾਬੀ ਦੇ ਕਈ ਸ਼ੋਅ ਵੀ ਮਨੋਜ ਸ਼ਰਮਾ ਦੀ ਨਿਰਦੇਸ਼ਨਾਂ ਹੇਠ ਬਣ ਚੁੱਕੇ ਹਨ। ਹਾਲ ਹੀ ਵਿਚ ਪ੍ਰਸਿੱਧ ਗਾਇਕ ਵੀਤ ਬਲਜੀਤ ਦੇ ਗੀਤ "18 vs 21" ਦੀ ਵੀਡਿਉ ਵੀ ਮਨੋਜ ਸ਼ਰਮਾ ਵੱਲੋ ਬਣਾਈ ਗਈ, ਜਿਸਨੂੰ ਯੂ ਟਿਉਬ 'ਤੇ ਕਰੋੜਾਂ ਦੀ ਗਿਣਤੀ ਵਿਚ ਦਰਸ਼ਕਾਂ ਵੱਲੋਂ ਪਿਆਰ ਦਿੱਤਾ ਗਿਆ। ਅਖੀਰ 'ਚ ਵੀਡਿਉ ਡਾਇਰੈਕਟਰ ਮਨੋਜ ਸ਼ਰਮਾ ਨੇ ਦੱਸਿਆ ਕਿ ਜਲਦ ਹੀ ਵੀਤ ਬਲਜੀਤ ਸਮੇਤ ਹੋਰ ਗਾਇਕਾਂ ਦੀ ਵੀਡਿਉ ਦੇ ਨਾਲ ਨਾਲ ਵੈਬ ਸੀਰੀਜ ਆਦਿ ਕਰਨ ਜਾ ਰਹੇ ਹਨ।

ਅਜੀਤ ਸਿੰਘ ਅਖਾੜਾ
ਜਗਰਾਉਂ
9592551348