ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਪਾ: ਛੇਵੀਂ ਘੁਡਾਣੀ ਕਲਾਂ (ਲੁਧਿਆਣਾ) ਦਾ  ਸੰਖੇਪ ਇਤਿਹਾਸ

25 ਫੱਗਣ 1688 ਬਿਕਰਮੀ ਨੂੰ ਘੁਡਾਣੀ ਕਲਾਂ ਨਗਰ ਵਿਚ ਪਾਤਸ਼ਾਹ ਨੇ ਪਾਵਨ ਚਰਨ ਪਾਏ। ਬਾਹਰਵਾਰ ਦਰਖੱਤਾਂ ਦੀ ਛਾਂ ਵਿਚ ਕਮਰਕੱਸਾ ਖੋਲਿਆ ਤੇ ਦਮ ਲਿਆ। ਏਥੇ ਵਸਦੇ ਤਪਸਵੀ ਨੇ ਜਲ ਛਕਾਇਆ। ਗੁਰੁ ਜੀ ਨੇ ਉਸ ਨਾਲ ਪ੍ਰਮਾਰਥਕ ਬਚਨ ਬਿਲਾਸ ਕੀਤੇ ਤੇ ਵਰਦਾਨ ਦਿੱਤਾ। ਇਸੇ ਅਸਥਾਨ ‘ਤੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸੁਸ਼ੋਬਿਤ ਹੈ। 


ਇਸ ਪਿੰਡ ਦੇ ਵਿਚਕਾਰ ਗੁਰਦੁਆਰਾ ਸ਼੍ਰੀ ਭੜੋਲਾ ਸਾਹਿਬ ਹੈ ਜਿਥੇ ਪਿੰਡ ਦੀ ਸੰਗਤ ਨੇ ਗੁਰੂ ਜੀ ਨੂੰ ਪਿੰਡ ਲਿਆ ਕੇ ਮਰਵਾਹੇ ਖੱਤਰੀ ਬਾਬੇ ਸੁਰਤੀਏ ਦੇ ਘਰ ਰਿਹਾਇਸ਼ ਕਰਵਾਈ। ਇਥੇ ਗੁਰੂ ਜੀ ਨੇ ਭੜੋਲੇ ਵਿਚ ਵਰ ਦਿੱਤਾ ਕਿ ਖੋਲ ਕੇ ਨਹੀਂ ਦੇਖਣਾ, ਵਰਤੀ ਜਾਣਾ ਵਰਤੀ ਜਾਣਾ। ਇਥੇ ਗੁਰੂਧਾਮ ਅਤੇ ਚਰਨਕਮਲ ਹਵੇਲੀ ਸਾਹਿਬ ਮੌਜੂਦ ਹੈ।


ਗੁਰੂਧਾਮ ਸ਼੍ਰੀ ਚੋਹਲਾ: ਇਥੇ ਗੁਰੁ ਜੀ ਦੀਵਾਨ ਸਜਾਇਆ ਕਰਦੇ ਸਨ ਇਥੇ ਨਿੰਮ ਨਾਲ ਗੁਰੁ ਜੀ ਦਾ ਘੋੜਾ ਬੰਨਿਆ ਜਾਂਦਾ ਸੀ। ਇਥੇ ਹੀ ਗਵਾਲੀਅਰ ਦੇ ਕਿਲੇ ਵਿਚੋਂ ਜਿਸ ਚੋਲੇ ਨਾਲ 52 ਰਾਜਿਆਂ ਨੂੰ ਛੁਡਾਇਆ ਸੀ, ਉਹ ਵੀ ਮੌਜੂਦ ਹੈ। ਸੁਨਿਹਰੀ ਅੱਖਰਾਂ ਵਾਲੀ ਪੰਜ ਗੰਥ੍ਰੀ ਜਿਸ ਤੋਂ ਗੁਰੂ ਜੀ ਨਿਤਨੇਮ ਕਰਦੇ ਸਨ ਤੇ ਇਕ ਜੋੜਾ ਸਾਹਿਬ ਵੀ ਮੌਜੂਦ ਹੈ।

ਗੁਰਦੁਆਰਾ ਨਿੰਮਸਰ ਸਾਹਿਬ ਵੀ ਮੌਜੂਦ ਹੈ ਜੋ ਨਿੰਮ ਦੀ ਦਾਤਣ ਕਰਕੇ ਗੱਡਣ ਉਪਰੰਤ ਅੱਜ ਰੁੱਖ ਦੀ ਥਾਂ ਤੇ ਹੈ।  ਘੁਡਾਣੀ ਕਲਾਂ ਵਿਖੇ ਗੁਰੂ ਜੀ 45 ਦਿਨ ਰਹੇ ਤੇ ਦੀਵਾਨ ਅਭਿਆਸਾਂ ਨਾਲ ਚੜ੍ਹਦੀ ਕਲਾ ਵਾਲਾ ਵਾਤਾਵਰਣ ਬਣਿਆ ਰਿਹਾ। ਗੁਰੂ ਜੀ ਦੇ ਪਲੰਘ ਦਾ ਬਾਣ ਅਤੇ ਦੌਣ ਵੀ ਇਥੇ ਮੌਜੂਦ ਹੈ।
ਇੱਥੇ ਬਹੁਤ ਵਾਰ ਅਤੇ ਬਖਸ਼ੀਸ਼ਾਂ ਕੀਤੀਆਂ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸੇਵਾ ਦੇ ਲਈ ਬੜੇ ਯਤਨ ਕੀਤੇ ਜਾਂਦੇ ਹਨ।