ਅਨਾਜ ਦੇ ਹਰੇਕ ਦਾਣੇ ਨੂੰ ਖਰੀਦਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧ : ਕਟਾਰੂਚੱਕ

  • ਮੰਤਰੀ ਕਟਾਰੂਚੱਕ ਨੇ ਕਣਕ ਦੀ ਖਰੀਦ ਅਤੇ ਐਨਐਫਐਸਏ ਲਾਭਪਾਤਰੀਆਂ ਦੀ 100 ਫ਼ੀਸਦ ਈ-ਕੇਵਾਈਸੀ ਸਥਿਤੀ ਦੀ ਕੀਤੀ ਸਮੀਖਿਆ

ਚੰਡੀਗੜ੍ਹ, 11 ਅਪ੍ਰੈਲ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ 130 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਪ੍ਰਬੰਧ ਕੀਤੇ ਹਨ ਤਾਂ ਜੋ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦਾ ਕਣਕ ਦਾ ਹਰੇਕ ਦਾਣਾ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦਿਆ ਜਾਣਾ ਯਕੀਨੀ ਬਣਾਇਆ ਜਾ ਸਕੇ। ਅੱਜ ਅਨਾਜ ਭਵਨ ਵਿਖੇ ਕਣਕ ਦੀ ਖਰੀਦ ਦੀ ਸਮੀਖਿਆ ਕਰਦੇ ਹੋਏ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਗੇ ਦੱਸਿਆ ਕਿ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਖਰੀਦ ਏਜੰਸੀਆਂ ਨੂੰ 1,864 ਨਿਯਮਿਤ ਖਰੀਦ ਕੇਂਦਰ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ ਮੰਡੀਆਂ ਵਿੱਚ ਭਰਮਾਰ ਵਰਗੀ ਸਥਿਤੀ ਨਾਲ ਨਜਿੱਠਣ ਲਈ, ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ 520 ਵਾਧੂ ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ। ਸਾਰੀਆਂ ਖਰੀਦ ਏਜੰਸੀਆਂ ਨੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸਟੋਰੇਜ ਸਪੇਸ, ਬਾਰਦਾਨੇ, ਸਟਾਕ ਆਰਟੀਕਲਜ਼ ਅਤੇ ਨਕਦ ਕ੍ਰੈਡਿਟ ਸੀਮਾ (ਸੀ.ਸੀ.ਐਲ.) ਲਈ ਵਿਆਪਕ ਪ੍ਰਬੰਧ ਕੀਤੇ ਹਨ। ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਹੁਣ ਤੱਕ ਕਣਕ ਦੀ ਆਮਦ ਹੋਈ ਹੈ ਅਤੇ ਕੁੱਲ 9,601.5 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ, ਜਿਸ ਵਿੱਚੋਂ 3,278.75 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਅਤੇ 927.5 ਮੀਟ੍ਰਿਕ ਟਨ ਨਿੱਜੀ ਵਪਾਰੀਆਂ ਦੁਆਰਾ ਖਰੀਦੀ ਗਈ ਹੈ। ਏਜੰਸੀਆਂ ਨੇ ਖਰੀਦੀ ਗਈ ਕਣਕ ਦੀ ਸਮੇਂ ਸਿਰ ਚੁਕਾਈ ਅਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ ਨੂੰ ਵੀ ਯਕੀਨੀ ਬਣਾਇਆ ਹੈ। ਖੁਰਾਕ ਅਤੇ ਸਪਲਾਈ ਮੰਤਰੀ ਨੇ ਸਾਰੀਆਂ ਏਜੰਸੀਆਂ ਨੂੰ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੇ ਅਨਾਜ ਦੇ ਹਰੇਕ ਦਾਣੇ ਨੂੰ ਖਰੀਦਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਮੰਤਰੀ ਨੇ ਸਾਰੇ ਫੀਲਡ ਅਧਿਕਾਰੀਆਂ ਨੂੰ 30.04.2025 ਤੱਕ ਐਨ.ਐਫ.ਐਸ.ਏ. ਲਾਭਪਾਤਰੀਆਂ ਦਾ 100 ਫ਼ੀਸਦ ਈ-ਕੇ.ਵਾਈ.ਸੀ. ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਜਾਣ ਲਈ ਵੀ ਕਿਹਾ। ਇਸ ਮੌਕੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਸਕੱਤਰ-ਕਮ-ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਵਧੀਕ ਸਕੱਤਰ ਕਮਲ ਕੁਮਾਰ ਗਰਗ, ਏਐਮਡੀ ਪਨਗਰੇਨ ਰਾਕੇਸ਼ ਪੋਪਲੀ ਅਤੇ ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਵੀ ਹਾਜ਼ਰ ਸਨ।