
ਅੰਮ੍ਰਿਤਸਰ, 12 ਅਪ੍ਰੈਲ 2025 : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਇਥੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਡੈਲੀਗੇਟ ਇਜਲਾਸ ਵਿਚ ਇਹ ਚੋਣ ਕੀਤੀ ਗਈ। ਇਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਪ੍ਰਧਾਨ ਵਜੋਂ ਪੇਸ਼ ਕੀਤਾ। ਇਸਦੇ ਨਾਲ ਹੀ ਇੱਕ ਨਵੀਂ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ 2024 ‘ਚ ਅਕਾਲੀ ਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਦੁਬਾਰਾ ਪਾਰਟੀ ਪ੍ਰਧਾਨ ਚੁਣੇ ਜਾਣ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਪੰਜਾਬ ਦੀ ਅਸਲੀ ਵਾਰਿਸ ਹੈ। ਉਨ੍ਹਾਂ ਕਿਹਾ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ, ਇਸਨੂੰ ਮਜ਼ਬੂਤ ਕਰਨਾ ਸਾਡੇ ਸਾਰੀਆਂ ਦਾ ਫਰਜ਼ ਹੈ। ਸੁਖਬੀਰ ਸਿੰਘ ਬਾਦਲ 2008 ‘ਚ ਪਹਿਲੀ ਵਾਰ ਅਕਾਲੀ ਦਲ ਪਾਰਟੀ ਪ੍ਰਧਾਨ ਬਣੇ ਸਨ ਅਤੇ ਉਦੋਂ ਤੋਂ ਪਾਰਟੀ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ, ਪਾਰਟੀ ਨੂੰ ਹਾਲ ਹੀ ਦੇ ਸਾਲਾਂ ‘ਚ ਕਈ ਚੋਣ ਝਟਕੇ ਲੱਗੇ ਹਨ – ਖਾਸ ਕਰਕੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ, ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬਾਦਲ ਨੇ ਆਪਣੇ ਭਾਸ਼ਣ ਦੌਰਾਨ ਮੁੱਖ 11 ਮੁੱਦਿਆਂ 'ਤੇ ਗੱਲਬਾਤ ਕੀਤੀ...
- ਅਕਾਲੀ ਦਲ ਦੀ ਲੀਡਰਸ਼ਿਪ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ'
- NDA ਛੱਡਣ ਤੋਂ ਬਾਅਦ ਸਾਡੇ ਖਿਲਾਫ਼ ਸਾਜਿਸ਼ਾਂ ਹੋਈਆਂ'
- ਚੜ੍ਹਦੀ ਕਲਾ ਦੀ ਗੱਲ ਕਰਿਆ ਕਰੋ ਢਹਿੰਦੀ ਕਲਾ ਦੀ ਨਹੀਂ'
- 2027 'ਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਓ'
- ਮੇਰੀ ਗਰੰਟੀ ਹੈ ਕਿ ਪੰਜਾਬ ਮੁੜ ਵਿਕਾਸ ਅਤੇ ਅਮਨ-ਸ਼ਾਂਤੀ ਦੀ ਰਾਹ 'ਤੇ ਹੋਵੇਗਾ'
- ਪੰਜਾਬ ਨੂੰ ਮੁੜ ਨੰਬਰ-1 ਬਣਾਉਣ ਇੱਕੋ-ਇੱਕ ਟੀਚਾ'
- ਪੰਜਾਬੀਓ ਪਛਾਣ ਲਵੋ ਆਪਣਾ ਕੌਣ ਅਤੇ ਪਰਾਇਆ ਕੌਣ ਹੈ'
- ਪੰਜਾਬ ਦੀ ਤਰੱਕੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ'
- ਭੂੰਦੜ ਸਾਬ੍ਹ ਤੁਹਾਡਾ ਧੰਨਵਾਦ ਤੁਸੀਂ ਔਖੇ ਸਮੇਂ ਪਾਰਟੀ ਦੀ ਅਗਵਾਈ ਕੀਤੀ'
- ਪੁਰਾਣੇ ਅਕਾਲੀ ਜੋ ਪਾਰਟੀ ਤੋਂ ਦੂਰ ਹੋਏ ਮੇਰੀ ਬੇਨਤੀ ਹੈ ਕਿ ਵਾਪਸੀ ਕਰਕੇ ਪਾਰਟੀ ਹੋਰ ਮਜ਼ਬੂਤ ਕਰੋ'
- 25 ਅਪ੍ਰੈਲ ਨੂੰ ਵੱਡੇ ਬਾਦਲ ਸਾਬ੍ਹ ਦੀ ਬਰਸੀ ਮੌਕੇ ਹਰ ਜ਼ਿਲ੍ਹੇ ਵਿੱਚ ਸਮਾਗਮ ਹੋਵੇਗਾ'
ਬਲਵਿੰਦਰ ਸਿੰਘ ਭੂੰਦੜ ਨੇ ਸਾਬਕਾ ਮੰਤਰੀ ਮਜੀਠੀਆ ਤੋਂ ਮੰਗੀ ਮੁਆਫੀ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਡੈਲੀਗੇਟ ਇਜਲਾਸ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਿਆਨ ਦੇਣ ਲਈ ਉਹਨਾਂ ਤੋਂ ਮੁਆਫੀ ਮੰਗੀ। ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਭੂੰਦੜ ਨੇ ਕਿਹਾ ਕਿ ਹਾਂ ਬਿਆਨ ਮੇਰਾ ਹੈ, ਜੇਕਰ ਬੇਟਾ ਤੁਹਾਡਾ ਦਿਲ ਦੁਖਿਆ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਜ਼ਿਕਰਯੋਗ ਹੈ ਕਿ ਭੂੰਦੜ ਨੇ ਬਿਆਨ ਦਿੱਤਾ ਸੀ ਕਿ ਜਥੇਦਾਰ ਬਦਲਣ ਦੇ ਫੈਸਲੇ ਦਾ ਵਿਰੋਧ ਕਰਕੇ ਮਜੀਠੀਆ ਨੇ ਸੁਖਬੀਰ ਬਾਦਲ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਸੁਖਬੀਰ ਸਿੰਘ ਬਾਦਲ ਨੂੰ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਥ ਦੀ ਤਰਜਮਾਨ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖ ਕੌਮ ਦੇ ਮਸਲਿਆਂ ਅਤੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕੀਤੀ ਹੈ ਅਤੇ ਆਸ ਹੈ ਕਿ ਸ. ਸੁਖਬੀਰ ਸਿੰਘ ਬਾਦਲ ਇਸੇ ਸੇਧ ਵਿਚ ਭਵਿੱਖੀ ਤਰਜੀਹਾਂ ਨਿਰਧਾਰਤ ਕਰਕੇ ਲੋਕਾਂ ਦੀ ਅਵਾਜ਼ ਬਣਨਗੇ।