ਪੰਜਾਬ ਦੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ : ਮੁੱਖ ਮੰਤਰੀ ਭਗਵੰਤ ਮਾਨ 

  • ਪੀ.ਏ.ਯੂ. ਵਿੱਚ ਹੋਈ ਸਰਕਾਰ ਕਿਸਾਨ ਮਿਲਣੀ ਵਿੱਚ ਪਾਣੀ ਸੰਭਾਲ ਤਕਨੀਕਾਂ ਬਾਰੇ ਵਿਚਾਰਾਂ ਹੋਈਆਂ

ਲੁਧਿਆਣਾ 12 ਅਪ੍ਰੈਲ, 2025 : ਅੱਜ ਪੀ.ਏ.ਯੂ. ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿਚ ਸਰਕਾਰ ਕਿਸਾਨ ਮਿਲਣੀ ਕਰਵਾਈ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਿਲਣੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮਿਲਣੀ ਦੀ ਪ੍ਰਧਾਨਗੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਉਨਾਂ ਨਾਲ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ, ਖੇਤੀਬਾੜੀ ਬਾਰੇ ਪੰਜਾਬ ਦੇ ਪ੍ਰਸ਼ਾਸਕੀ ਸਕੱਤਰ ਸ਼੍ਰੀ ਬਸੰਤ ਗਰਗ, ਆਈ ਏ ਐੱਸ, ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ, ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੀਵ ਅਰੋੜਾ, ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਤਿੰਦਰਪਾਲ ਸਿੰਘ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ ਜਸਵੰਤ ਸਿੰਘ ਅਤੇ ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਅਤੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਮੰਚ ਉੱਪਰ ਮੌਜੂਦ ਰਹੇ। ਇਸ ਮਿਲਣੀ ਦਾ ਉਦੇਸ਼ ਪੰਜਾਬ ਦੇ ਕਿਸਾਨਾਂ ਨਾਲ ਆਉਂਦੇ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਬਾਰੇ ਸਲਾਹ-ਮਸ਼ਵਰਾ ਕਰਨਾ ਅਤੇ ਉਹਨਾਂ ਦੀਆਂ ਰਾਵਾਂ ਤੋਂ ਜਾਣੂੰ ਹੋਣਾ ਸੀ । ਮਿਲਣੀ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ । ਦਰਜਨਾਂ ਸਟਾਲਾਂ ਤੇ ਕਿਸਾਨਾਂ ਨੇ ਆਪਣੀ ਦਿਲਚਸਪੀ ਅਨੁਸਾਰ ਫਸਲ ਦੀ ਬਿਜਾਈ ਅਤੇ ਹੋਰ ਮੁੱਦਿਆਂ ਬਾਰੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ । ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਹਨਾਂ ਦੇ ਸੁਝਾਅ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਕਿਸਾਨਾਂ ਦੇ ਨਜ਼ਰੀਏ ਨੂੰ ਜਾਣਿਆ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 25 ਸਾਲਾਂ ਵਿੱਚ ਝੋਨੇ ਅਧੀਨ ਰਕਬਾ 20 ਲੱਖ ਹੈਕਟੇਅਰ ਤੋਂ ਵੱਧ ਕੇ 32 ਲੱਖ ਹੈਕਟੇਅਰ ਹੋਇਆ ਹੈ। ਭਾਵੇਂ ਇਸ ਵਾਧੇ ਪਿੱਛੇ ਯਕੀਨੀ ਮੰਡੀਕਰਨ ਕਾਸ਼ਤ ਲਈ ਮਸ਼ੀਨਾਂ ਉੱਪਰ ਨਿਰਭਰਤਾ ਅਤੇ ਝੋਨੇ ਲਈ ਮੁੱਲ ਦਾ ਯਕੀਨੀ ਹੋਣਾ ਜ਼ਿੰਮੇਵਾਰ ਹਨ, ਪਰ ਇਸ ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ਵਿਸ਼ੇਸ਼ ਕਰ ਪਾਣੀ ਦੀ ਸਥਿਤੀ ਉੱਪਰ ਬੜਾ ਮਾੜਾ ਪ੍ਰਭਾਵ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਤੀ ਕਿਲੋ ਚੌਲ ਪੈਦਾ ਕਰਨ ਵਾਸਤੇ ਲਗਭਗ 4 ਹਜ਼ਾਰ ਲੀਟਰ ਪਾਣੀ ਦੀ ਵਰਤੋਂ ਬਾਰੇ ਵਿਗਿਆਨਕ ਦੱਸਦੇ ਹਨ ਇਹ ਬੜਾ ਮਹਿੰਗਾ ਸੌਦਾ ਹੈ। ਹਰ ਸਾਲ ਧਰਤੀ ਹੇਠਲੇ ਪਾਣੀ ਵਿੱਚ ਇੱਕ ਮੀਟਰ ਦੇ ਕਰੀਬ ਗਿਰਾਵਟ ਦਰਜ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ 153 ਵਿੱਚੋਂ 117 ਬਲਾਕ ਬੇਹੱਦ ਖਤਰਨਾਕ ਸਥਿਤੀ ਵਿੱਚ ਦੇਖੇ ਜਾ ਰਹੇ ਹਨ।  ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਪੀਏਯੂ ਨੇ ਇਸ ਦੇ ਹੱਲ ਲਈ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 114 ਪੀ ਆਰ,121 ਪੀ ਆਰ 122, ਪੀ ਆਰ 126, ਪੀ ਆਰ 127, ਪੀ ਆਰ 128, ਪੀ ਆਰ 129, ਪੀ ਆਰ 130, ਪੀ ਆਰ 131 ਅਤੇ ਪੀ ਆਰ 132 ਸਾਹਮਣੇ ਲਿਆਂਦੀਆਂ ਹਨ। ਇਹ ਕਿਸਮਾਂ ਨਾ ਸਿਰਫ ਪਾਣੀ ਦੀ ਘੱਟ ਖਪਤ ਕਰਦੀਆਂ ਹਨ ਬਲਕਿ ਜਲਦ ਪੱਕ ਜਾਣ ਕਾਰਨ ਇਹਨਾਂ ਦੇ ਪਰਾਲ ਦੀ ਸੰਭਾਲ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਅਤੇ ਅਗਲੀ ਫਸਲ ਦੀ ਬਿਜਾਈ ਵੀ ਸਮੇਂ ਸਿਰ ਸੰਭਵ ਬਣਦੀ ਹੈ। ਭਗਵੰਤ ਮਾਨ ਹੋਰਾਂ ਨੇ ਯਕੀਨ ਦਵਾਇਆ ਕਿ ਪੀਏਯੂ ਦੀਆਂ ਕਿਸਮਾਂ ਬੀਜਣ ਵਾਲੇ ਕਿਸਾਨਾਂ ਦਾ ਮੰਡੀਕਰਨ ਸਰਕਾਰ ਵੱਲੋਂ ਯਕੀਨੀ ਬਣਾਇਆ ਜਾਵੇਗਾ ਇਸ ਦੇ ਮੁਕਾਬਲੇ ਉਨਾਂ ਨੇ ਕਿਸਾਨਾਂ ਨੂੰ ਪੂਸਾ 44 ਵਰਗੀਆਂ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨਾ ਬੀਜਣ ਦੀ ਸਲਾਹ ਦਿੱਤੀ। ਸ੍ਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੀਆਂ ਇਹ ਕਿਸਮਾਂ ਦਾ ਬੀਜ ਬਹੁਤ ਸਸਤਾ ਅਤੇ ਆਸਾਨੀ ਨਾਲ ਉਪਲਬਧ ਹੈ। ਇਸ ਲਈ ਕਿਸਾਨਾਂ ਨੂੰ ਹਾਈਬ੍ਰਿਡ ਝੋਨੇ ਦੇ ਬੀਜ ਦੀ ਥਾਂ ਇਹਨਾਂ ਕਿਸਮਾਂ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੇ ਆਉਂਦੇ ਸਾਉਣੀ ਸੀਜ਼ਨ ਦੌਰਾਨ ਬਾਸਮਤੀ ਦੀ ਕਾਸ਼ਤ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਉਸ ਉੱਪਰ ਰਸਾਇਣਿਕ ਰਹਿੰਦ ਖੂੰਹਦ ਤੋਂ ਬਚਾ ਕੇ ਨਿਰਯਾਤ ਯੋਗ ਬਾਸਮਤੀ ਪੈਦਾ ਕਰਨ ਲਈ ਪੀਏਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਪਾਬੰਦੀ ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਤਾਰ ਬੱਤਰ ਵਿਧੀ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਜੋ ਤਕਨੀਕ ਦਿੱਤੀ ਗਈ ਹੈ ਉਹ ਬਹੁਤ ਕਾਰਗਰ ਅਤੇ ਪਾਣੀ ਬਚਾਉਣ ਵਾਲੀ ਹੈ ਸਰਕਾਰ ਵੱਲੋਂ ਇਸ ਵਿਧੀ ਨੂੰ ਪ੍ਰਫੁੱਲਿਤ ਕਰਨ ਲਈ ਲਾਜ਼ਮੀ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉਨਾਂ ਨੇ ਕਿਸਾਨਾਂ ਨੂੰ ਸਰਦ ਰੁੱਤ ਦੀ ਮੱਕੀ ਨਾ ਬੀਜਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਨਾਲ ਜਿੱਥੇ ਪਾਣੀ ਦੀ ਦੋਹਰੀ ਖਪਤ ਹੁੰਦੀ ਹੈ ਉੱਥੇ ਝੋਨੇ ਦੀ ਲਵਾਈ 15 ਜੁਲਾਈ ਤੋਂ ਪਛੜ ਜਾਂਦੀ ਹੈ ਅਤੇ ਮਿਲਿੰਗ ਸਬੰਧੀ ਮੁੱਦਿਆਂ ਦਾ ਸਾਹਮਣਾ ਝੋਨੇ ਨੂੰ ਕਰਨਾ ਪੈਂਦਾ ਹੈ। ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਬੋਲਦਿਆਂ ਇਸ ਮਿਲਣੀ ਦਾ ਉਦੇਸ਼ ਸਾਂਝਾ ਕਰਦਿਆਂ ਕਿਹਾ ਕਿ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸਾਨਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਸ ਮਿਲਣੀ ਦੇ ਦੋ ਉਦੇਸ਼ ਹਨ, ਪਹਿਲਾ ਰਵਾਇਤੀ ਫਸਲ ਚੱਕਰ ਚੋਂ ਕਿਸਾਨੀ ਨੂੰ ਬਾਹਰ ਕੱਢਣ ਲਈ ਕਿਸਾਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਜਾਨਣਾ ਅਤੇ ਦੂਸਰਾ ਇਹਨਾਂ ਸੁਝਾਵਾਂ ਦੇ ਅਧਾਰ ਤੇ ਪੰਜਾਬ ਦੀ ਕਿਸਾਨੀ ਦੀ ਭਲਾਈ ਲਈ ਯੋਜਨਾਬੰਦੀ ਤਿਆਰ ਕਰਨਾ ਹੈ। ਖੇਤੀਬਾੜੀ ਮੰਤਰੀ ਨੇ ਝੋਨੇ ਦੀ ਬਿਜਾਈ ਲਈ ਸਰਕਾਰ ਵੱਲੋਂ ਤਿਆਰ ਯੋਜਨਾਬੰਦੀ ਸਾਂਝੀ ਕੀਤੀ ਅਤੇ ਝੋਨੇ ਦੇ ਸੁਚੱਜੇ ਮੰਡੀਕਰਨ ਲਈ ਪੀ ਏ ਯੂ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਮੌਜੂਦਾ ਸਰਕਾਰ ਵੱਲੋਂ ਖੇਤੀ ਦੀ ਬਿਹਤਰੀ ਲਈ ਕੀਤੀਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਖੇਤੀਬਾੜੀ ਮੰਤਰੀ ਨੇ ਨਰਮੇ ਹੇਠ ਘਟ ਰਹੇ ਰਕਬੇ ਨੂੰ ਮੁੜ ਪੈਰਾਂ ਸਿਰ ਲਿਆਉਣ ਲਈ ਲਾਜ਼ਮੀ ਕੋਸ਼ਿਸ਼ਾਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦਾ ਸੁਪਨਾ ਪੰਜਾਬ ਦੀ ਖੇਤੀ ਨੂੰ ਮੁੜ ਸਿਖਰ ਵੱਲ ਲੈ ਕੇ ਜਾਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਹੈ। ਸਵਾਗਤੀ ਸ਼ਬਦ ਬੋਲਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਵਿਹੜੇ ਇਹ ਨਿਵੇਕਲੀ ਮਿਲਣੀ ਹੋ ਰਹੀ ਹੈ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਕਿਸਾਨ, ਸਰਕਾਰੀ ਅਧਿਕਾਰੀ ਅਤੇ ਖੇਤੀ ਮਾਹਿਰ ਇੱਕ-ਦੂਜੇ ਦੇ ਨਾਲ ਸਿਰ ਜੋੜ ਕੇ ਮਸ਼ਵਰਾ ਕਰ ਰਹੇ ਹਨ । ਵਾਈਸ ਚਾਂਸਲਰ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ, ਮਿੱਟੀ ਦੀ ਸਿਹਤ ਸੰਭਾਲ ਤੇ ਜਵਾ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਅਜੋਕੇ ਸਮੇਂ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਪੀ.ਏ.ਯੂ. ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਸਰਕਾਰੀ ਇਮਦਾਦ ਦਾ ਜ਼ਿਕਰ ਕਰਦਿਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਵੱਲ ਧਿਆਨ ਦਿਵਾਇਆ। ਸਪੀਡ ਬ੍ਰੀਡਿੰਗ ਅਤੇ ਏ ਆਈ ਵਰਗੀਆਂ ਯੁਗਤਾਂ ਬਾਰੇ ਦੱਸਣ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੇਤੀ ਤੋਂ ਆਮਦਨ ਵਧਾਉਣ ਲਈ ਖੋਜ ਨਾਲ ਨਿਰੰਤਰ ਜੁੜੀ ਹੈ। ਇਸੇ ਦਿਸ਼ਾ ਵਿਚ ਪੀ ਏ ਯੂ ਨੇ ਗੈਰ ਭੂਮੀ ਯੋਗ ਕਿਸਾਨਾਂ ਨੂੰ ਪ੍ਰੇਰਿਤ ਕਰਕੇ 300 ਤੋਂ ਵਧੇਰੇ ਖੇਤੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਵਾਏ ਹਨ। ਵਾਈਸ ਚਾਂਸਲਰ ਨੇ ਕਿਸਾਨਾਂ ਤੱਕ ਖੇਤੀ ਜਾਣਕਾਰੀ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਅਪਣਾਏ ਜਾ ਰਹੇ ਡਿਜ਼ੀਟਲ ਮੀਡੀਆ ਮਾਧਿਅਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਖੇਤੀਬਾੜੀ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਨਾਲ ਨਿਵਾਜ਼ਿਆ ਗਿਆ। ਯੂਨੀਵਰਸਿਟੀ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਪ੍ਰਕਾਸ਼ਿਤ ਸਾਹਿਤ ਨੂੰ ਇਸ ਮੌਕੇ ਮੁੱਖ ਮੰਤਰੀ ਅਤੇ ਪ੍ਰਧਾਨਗੀ ਮੰਡਲ ਨੇ ਆਪਣੇ ਕਰ ਕਮਲਾਂ ਨਾਲ ਜਾਰੀ ਕੀਤਾ।
ਧੰਨਵਾਦ ਦੀ ਜ਼ਿੰਮੇਵਾਰੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਨਿਭਾਈ। ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।