ਇਕ ਹੱਦ ਤਕ ਮਾਫ਼ ਕਰ ਦੇਣਾ ਚੰਗੇ ਮਨੁੱਖ ਹੋਣ ਦੀ ਨਿਸ਼ਾਨੀ ਹੈ। ਚੰਗੇ ਵਿਚਾਰਾਂ ਦੇ ਧਾਰਨੀ ਲੋਕਾਂ ’ਚ ਮਾਫ਼ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਹ ਗ਼ਲਤੀਆਂ ਨੂੰ ਦੁਹਰਾ ਕੇ ਗੁਨਾਹਾਂ ’ਚ ਤਬਦੀਲ ਨਹੀਂ ਕਰਦੇ ... ਮਾਫ ਕਰਨਾ ਖੁਦ ਨੂੰ ਸਕੂਨ ਦੇਣਾ ਹੁੰਦੈ। "ਧੋਖਾ ਦੇਣ ਵਾਲੇ ਦੀ ਫਿਤਰਤ ਵਿਚ ਧੋਖਾ ਦੇਣਾ ਹੈ ਤੇ ਉਸ ਨੂੰ ਮਾਫ਼ ਕਰਨਾ ਮੇਰੇ ਸੰਸਕਾਰ ਨੇ “ਇਹ ਸਮਝ ਕੇ ਮਾਫ਼ ਕਰਨਾ ਸਿਰਫ਼ ਚੰਗੇ ਮਨੁੱਖ ਦੇ ਹਿੱਸੇ ਆਇਆ। ਮਾਫ਼ ਕਰਨ ਦੀ ਸਮਰੱਥਾ ਦਿਆਨਤਦਾਰ ਲੋਕਾਂ ਕੋਲ ਹੁੰਦੀ ਹੈ।"
ਗੁਨਾਹਾਂ ਦੀ ਸਜ਼ਾ ਦੇਣਾ ਮੇਰਾ ਕੰਮ ਨਹੀਂ ਹੈ, ਇਹ ਫੈਸਲਾ ਕੁਦਰਤ ਦੀ ਨਿਆਂਪਾਲਕਾ ਦੇ ਹੱਥ ਹੈ, ਜਦੋ ਇਹ ਸਮਝ ਬਣਦੀ ਹੈ ਤਾਂ ਮਾਫ਼ ਕਰ ਦੇਣਾ ਸੁਭਾਵਿਕ ਬਣ ਜਾਦਾ ਹੈ। ਇਹ ਸੋਚਦਿਆਂ ਮਾਫ਼ ਕਰ ਦੇਣ ਵਾਲੇ ਵਿੱਚ ਵੱਖਰੀ ਰੂਹਦਾਰ ਸ਼ਕਤੀ ਪ੍ਰਵੇਸ਼ ਕਰ ਜਾਦੀ ਹੈ। ਉਸ ਵਿਚ ਗੁਨਾਹਗਾਰ ਨੂੰ ਮਾਫ਼ ਕਰ ਦੇਣ ਦਾ ਜੇਰਾ ਪੈਦਾ ਹੋ ਜਾਂਦਾ ਹੈ। ਦੁਨੀਆਦਾਰੀ ਵਿਚ ਵਿਚਰਦਿਆਂ ਬਹੁਤ ਸਾਰੇ ਲੋਕਾਂ ਨਾਲ ਰਾਬਤਾ ਹੁੰਦਾ ਹੈ। ਕਈ ਵਾਰ ਕੁਝ ਚੰਗੇ ਤੇ ਕੁਝ ਨੀਅਤ ਦੇ ਖੋਟਿਆਂ ਨਾਲ਼ ਵੀ ਵਾਹ ਪੈ ਜਾਂਦਾ। ਜਿਸ ਪਾਸਿਓ ਚੰਗੇ ਦੀ ਬਿਲਕੁਲ ਵੀ ਆਸ ਨਹੀਂ ਹੁੰਦੀ ਉਸਦੇ ਨਾਲ ਵੀ ਰਿਸ਼ਤੇ ਬਰਦਾਸ਼ਤ ਦੀ ਹੱਦ ਤੱਕ ਨਿਭਾਉਦੇ ਹਾਂ। ਆਖ਼ਰ ਦੀ ਸੀਮਾ ਪਾਰ ਕਰਨ ਤਕ ਰਿਸ਼ਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।
ਮਾਫੀ ਦੇਣ ਦਾ ਸੁਭਾਅ ਬਚਪਨ ਸਮੇਂ ਤੋਂ ਹੀ ਪੈਦਾ ਹੋ ਜਾਂਦਾ ਹੈ। ਵਿਦਿਆਰਥੀ ਜੀਵਨ ਵਿਚ ਸਕੂਲ ਵਿਚ ਗ਼ਲਤੀ ਕਰਨਾ ਤੇ ਫਿਰ ਮਾਫ਼ੀ ਮੰਗਣਾ ਆਮ ਜਿਹੀ ਗੱਲ ਹੈ। ਉਹ ਅਧਿਆਪਕ ਕਿੰਨੇ ਦਿਆਨਤਦਾਰ ਹੁੰਦੇ ਨੇ ਜਿਨ੍ਹਾਂ ਵਿਚ ਮਾਫ਼ ਕਰਨ ਦੀ ਸਮਰੱਥਾ ਹੁੰਦੀ ਹੈ।
ਅੱਜ ਦਾ ਕੰਮ ਕੱਲ੍ਹ ’ਤੇ ਛੱਡਣ ਵਾਲੇ ਵਿਦਿਆਰਥੀਆਂ ਨੂੰ ਦੀ ਮਾਫ਼ ਕਰਕੇ ਚੰਗੀ ਸੋਚ ਦੇ ਧਾਰਨੀ ਬਣਾ ਦਿੰਦੇ ਨੇ। ਇਸ ਤਰ੍ਹਾਂ ਹੀ ਸਾਂਝੇ ਟੱਬਰ ਵਿੱਚ ਰਹਿਣਾ ਤੇ ਇਕ ਦੂਜੇ ਨਾਲ ਮਾਮੂਲੀ ਤਕਰਾਰ ਹੋਣਾ ਵੀ ਸੁਭਾਵਿਕ ਜਿਹੀ ਗੱਲ ਹੈ। ਆਪਣੀ ਗ਼ਲਤੀ ਮਹਿਸੂਸ ਕਰਦਿਆਂ ਭੁੱਲ ਬਖਸ਼ਾਉਣੀ ਤੇ ਗ਼ਲਤੀ ਮੰਨਣਾ ਅਕਲਮੰਦ ਲੋਕਾਂ ਦੇ ਹਿੱਸੇ ਆਇਆ। ਉਸ ਵੇਲੇ ਗਲਤੀ ਕਰਨ ਵਾਲ਼ੇ ਨਾਲੋਂ ਮਾਫ਼ ਕਰਨ ਵਾਲਾ ਜ਼ਿਆਦਾ ਸਿਆਣਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਗਲਤੀ ਕਰਨਾ ਮੂਰਖਤਾਈ ਨਹੀਂ ਹੁੰਦਾ ਸਗੋਂ ਗ਼ਲਤੀ ਕਰਕੇ ਨਾ ਮੰਨਣਾ ਮੂਰਖਤਾ ਹੁੰਦੀ ਹੈ। ਗ਼ਲਤੀ ਨਾ ਸਵੀਕਾਰ ਕਰਨਾ ਤੇ ਅੱਗਿਓਂ ਮਾਫ਼ ਕਰਨ ਦੀ ਸਮਰੱਥਾ ਦਾ ਨਾ ਹੋਣਾ ਹਾਊਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ।
ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਸੜਕਾਂ ’ਤੇ ਸਫਰ ਕਰਦਿਆਂ ਜਦੋਂ ਕਦੇ ਗ਼ਲਤੀ ਹੋ ਜਾਂਦੀ ਹੈ ਤਾਂ ਹੈਂਕੜਬਾਜ਼ ਗ਼ਲਤੀ ਨਹੀਂ ਮੰਨਦੇ, ਇਹ ਬੇਹੱਦ ਮੂਰਖਤਾ ਹੈ। ਜਿਵੇਂ ਮਾਫ਼ੀ ਮੰਗ ਲੈਣਾ ਸਿਆਣਪ ਹੈ, ਇਸ ਤੋਂ ਵੱਡੀ ਗਲਤੀ ਹੁੰਦੀ ਹੈ ਮਾਫ਼ ਨਾ ਕਰਨਾ। ਮਨ ਦੀ ਸ਼ਾਂਤੀ ਲਈ ਗੁਸਤਾਖ਼ ਨੂੰ ਮਾਫ਼ ਕਰ ਦੇਣਾ ਬਹੁਤ ਹੀ ਵਡੱਪਣ ਹੈ। ਅਸੀਂ ਇਹ ਵੀ ਆਮ ਹੀ ਦੇਖਦੇ ਹਾਂ ਕਿ ਨਿੱਜੀ ਸਵਾਰਥਾਂ ਲਈ ਬਹੁਤ ਸਾਰੇ ਲੋਕ ਨਵੇਂ-ਨਵੇਂ ਰਿਸ਼ਤੇ ਬਣਾਉ ਨੇ। ਉਨ੍ਹਾਂ ਲਈ ਸਵਾਰਥ ਤੋਂ ਵੱਧਕੇ ਵੱਡਾ ਕੋਈ ਵੀ ਰਿਸ਼ਤਾ ਨਹੀਂ ਹੈ।
ਇਸ ਗੱਲ ’ਚ ਦੀ ਕੋਈ ਸ਼ੰਕਾ ਨਹੀਂ ਹੈ ਕਿ ਦੁਨੀਆ ਵਿਸ਼ਵਾਸ ਦੀ ਬੁਨਿਆਦੀ ਨੀਂਹ ’ਤੇ ਟਿਕੀ ਹੋਈ ਹੈ। ਸਾਨੂੰ ਨਵੇਂ ਨਿਵੇਲੇ ਰਿਸ਼ਤੇ ਬਣਾਉਣੇ ਚਾਹੀਦੇ ਨੇ ਪ੍ਰੰਤੂ ਨਿੱਜੀ ਸਵਾਰਥਾਂ ਲਈ ਨਹੀਂ, ਬਲਕਿ ਆਖਰੀ ਸਾਹ ਤਕ ਨਿਭਾਉਣ ਲਈ ਬਣਾਉਣੇ ਚਾਹੀਦੇ ਨੇ। ਜ਼ਿਆਦਾਤਰ ਅਜਿਹਾ ਹੁੰਦਾ ਹੈ, ਜਦੋਂ ਮਤਲਬ ਨਿਕਲ ਜਾਵੇ ਮਗਰੋਂ ਰਿਸ਼ਤਿਆਂ ਵਿਚ ਵੀ ਤਰੇੜਾਂ ਪੈ ਜਾਂਦੀਆਂ ਨੇ।
ਭਾਵੇਂ ਅਜਿਹੇ ਮਨੁੱਖ ਸਵਾਰਥੀ ਤੇ ਖ਼ੁਦਗਰਜ਼ ਹੁੰਦੇ ਨੇ, ਕਹਿਣ ਦਾ ਭਾਵ ਨਾ ਮਾਫ਼ ਕਰਨ ਦੇ ਯੋਗ ਪ੍ਰੰਤੂ ਉਨ੍ਹਾਂ ਖ਼ਦਗ਼ਰਜ਼ ਲੋਕਾਂ ਨੂੰ ਵੀ ਮਾਫ਼ ਕਰ ਦੇਣ ਵਾਲਾ ਵੀ ਕੋਈ ਆਮ ਇਨਸਾਨ ਨਹੀਂ ਫਰਿਸਤਾ ਹੀ ਹੁੰਦਾ। ਵੱਡੇ ਜਿਗਰੇ ਵਾਲਾ ਮਨੁੱਖ ਹੁੰਦਾ, ਜਿਸ ਵਿਚ ਮਾਫ਼ ਕਰ ਦੇਣ ਦੇ ਨਾਲ-ਨਾਲ ਰਿਸ਼ਤੇ ਨਿਭਾਉਣ ਦੀ ਸ਼ਕਤੀ ਵੀ ਉਨ੍ਹੀ ਹੀ ਹੁੰਦੀ ਹੈ।
ਮਨੁੱਖੀ ਮਨ ਕਦੇ ਕਿਸੇ ਵੀ ਪੱਖ ਤੋਂ ਇੱਕੋ ਮਤ ਨਹੀਂ ਹੋਇਆ ਕਰਦੇ। ਇਸੇ ਹੀ ਤਰ੍ਹਾਂ ਸਿਆਣਪ ਤੇ ਸੂਝ ਬੂਝ ਦੀ ਸਭੋ ਇਨਸਾਨਾਂ ਵਿਚ ਬਰਾਬਰ ਨਹੀਂ ਹੰਦੀ। ਇੱਥੇ ਹਰ ਕੋਈ ਆਪਣੀ ਫਿਤਰਤ ਨਾਲ ਜਿਊਂਦਾ ਹੈ। ਸੁਭਾਵਿਕ ਤੌਰ ’ਤੇ ਕੁਝ ਲੋਕ ਸਹਿਜ ਅਵਸਥਾ ਤੇ ਨਿਮਰਤਾ ਦੇ ਪੁੰਜ ਹੁੰਦੇ ਨੇ। ਬਹੁਤ ਸਾਰੇ ਲੋਕਾਂ ਵਿਚ ਆਪਣੇ ਆਪ ਨੂੰ ਸਮਾਜ ਨਾਲੋ ਵੱਖਰਾ ਤੇ ਉੱਚਾ ਦਿਖਾਉਣ ਦੀ ਆਦਤ ਕੁੱਟ-ਕੁੱਟ ਭਰੀ ਹੁੰਦੀ ਹੈ।
ਹਾਲਾਂਕਿ ਬਾਰੀਕੀ ਨਾਲ ਅਧਿਐਨ ਕਰਨ ’ਤੇ ਉਨ੍ਹਾਂ ਦਾ ਜੀਵਨ ਲੀਰਾਂ ਵਾਲੀ ਖਿੱਦੋ ਵਰਗਾ ਹੀ ਨਿਕਲਦੈ, ਜਿਹੜੀ ਬਾਹਰੀ ਦਿੱਖ ਤੋਂ ਤਾਂ ਬਹੁਤ ਸੁੰਦਰ ਦਿਖਾਈ ਦਿੰਦੀ ਹੈ ਪ੍ਰੰਤੂ ਅੰਦਰੋਂ ਘਸੀਆਂ ਪਿਟੀਆਂ ਪੁਰਾਣੀਆਂ ਲੀਰਾਂ ਨਾਲ ਮੜੀ ਹੁੰਦੀ ਹੈ। ਅਜਿਹੇ ਲੋਕ ਆਪਣੇ ਸੁਭਾਅ ਅਨੁਸਾਰ ਹਰ ਥਾਂ ਆਪਣੇ ਖ਼ੂਬਸੂਰਤ ਹੋਣ, ਅਮੀਰ ਹੋਣ ਅਤੇ ਸਮਜ ਤੋਂ ਵੱਖਰੇ ਕਿਸੇ ਹੋਰ ਹੀ ਦੁਨੀਆਂ ਦੇ ਫਰਿਸਤਿਆਂ ਵਰਗਾ ਭਰਮ ਲੈ ਕੇ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਦਰਅਸਲ ਉਹ ਸਮਾਜ ਵਿਚ ਉਹ ਆਪਣੇ ਆਪ ਨੂੰ ਉੱਚਾ ਵੱਡਾ ਜਾਂ ਅਮੀਰ ਹੀ ਸ਼ੋਅ ਨਹੀਂ ਕਰਦੇ ਬਲਕਿ ਦੂਸਰਿਆੰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਨੇ।
ਦੂਸਰੇ ਪਾਸੇ ਕੁਝ ਲੋਕ ਅਜਿਹਾ ਸਭ ਕੁਝ ਜਾਣਦੇ ਹੋਏ ਵੀ ਇਸ ਭੇਦਭਾਵ ਨੂੰ ਅਣਗੌਲਿਆਂ ਕਰਦੇ ਨੇ ਤੇ ਸਾਦਗੀ ਭਰਿਆ ਜੀਵਨ ਜਿਉਦੇ ਨੇ। ਜ਼ਾਹਿਰ ਹੈ ਕਿ ਉਨ੍ਹਾਂ ਵਿਚ ਬਰਦਾਸ਼ਤ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ। ਬਰਦਾਸ਼ਤ ਕਰਨ ਦੀ ਹੀ ਨਹੀਂ ਉਹ ਮਾਫ਼ ਕਰਨ ਦੀ ਸਮਰੱਥਾ ਵੀ ਵਧੇਰੇ ਰੱਖਦੇ ਹੁੰਦੇ ਨੇ। ਬਿਨਾਂ ਸ਼ੱਕ ਮਾਫ਼ ਕਰਨਾ ਆਪਣੇ ਆਪ ਵਿਚ ਬਹੁਤ ਵੱਡਾ ਫ਼ੈਸਲਾ ਹੈ। ਮਾਫ਼ ਕਰਨ ਵਾਲੇ ਨੂੰ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਵਾਰ ਸੋਚਣਾ ਪੈਂਦਾ ਹੈ। ਆਖੀਰ ਜਮੀਰ ਦੀ ਆਵਾਜ਼ ਇਹੀ ਆਖਦੀ ਹੈ “ਜਾਹ ਤੈਨੂੰ ਮਾਫ਼ ਕੀਤਾ।" ਮਾਫ਼ੀ ਦੇਣ ਵੇਲੇ ਇਹ ਨਹੀਂ ਦੇਖਿਆ ਜਾਂਦਾ ਕਿ ਗੁਨਾਹ ਕਿੱਡਾ ਵੱਡਾ ਹੈ, ਬਸ ਮਾਫ਼ ਕਰਨ ਵਾਲੇ ਨੇ ਸਿਰਫ਼ ਮਾਫ਼ ਕਰਨਾ ਹੁੰਦਾ ਹੈ।
ਕਿਸੇ ਹੈਂਕੜਬਾਜ਼ ਦੀ ਗ਼ਰੀਬ ਮਾਨਸਿਕਤਾ ’ਤੇ ਤਰਸ ਕਰਨ ਵਾਲੇ ਲੋਕ ਵੱਡੇ ਤੋਂ ਵੱਡੇ ਗੁਨਾਹਗਾਰ ਨੂੰ ਵੀ ਮਾਫ਼ ਕਰ ਦਿੰਦੇ ਨੇ। ਸਜ਼ਾ ਦੇਣਾ ਸ਼ਾਇਦ ਉਨ੍ਹਾਂ ਦੀ ਫਿਤਰਤ ਵਿਚ ਨਹੀਂ ਹੁੰਦਾ। ਹਾਲਾਂਕਿ ਗੁਨਾਹਗਾਰ ਇਕ ਵਾਰ ਮਾਫ਼ੀ ਲੈ ਕੇ ਵਾਰ-ਵਾਰ ਗੁਨਾਹ ਕਰਦਾ ਪ੍ਰੰਤੂ ਦੋਵਾਂ ਦੀ ਆਪਣੀ ਵੱਖੋ ਵੱਖਰੀ ਸੋਚ ਹੁੰਦੀ ਹੈ, ਜਿਸ ਵਿਚ ਏਨਾ ਵੱਡਾ ਫ਼ਰਕ ਹੈ ਕਿ ਜੇਕਰ ਇਸ ਨੂੰ ਮਹਿਸੂਸ ਕਰੀਏ ਤਾਂ ਅਜੀਬ ਕਿਸਮ ਦਾ ਅਹਿਸਾਸ ਹੋਵੇਗਾ।
ਸਿੱਧੇ ਤੌਰ ’ਤੇ ਗੁਨਾਹਗਾਰ ਸ਼ਰਮਿੰਦਗੀ ਮਹਿਸੂਸ ਕਰੇਗਾ ਜਦਕਿ ਦੂਜੇ ਪਾਸੇ ਮਾਫ਼ ਕਰਨ ਵਾਲਾ ਆਪਣੇ ਆਪ ਨੂੰ ਗੁੱਡ ਫੀਲ ਕਰੇਗਾ। ਸਹੀ ਅਰਥਾਂ ਵਿਚ ਇਕ ਹੱਦ ਤਕ ਮਾਫ਼ ਕਰ ਦੇਣਾ ਚੰਗੇ ਮਨੁੱਖ ਹੋਣ ਦੀ ਨਿਸ਼ਾਨੀ ਹੈ। ਚੰਗੇ ਵਿਚਾਰਾਂ ਦੇ ਧਾਰਨੀ ਲੋਕਾਂ ਵਿਚ ਮਾਫ਼ ਕਰਨ ਦੀ ਸਮਰੱਥਾ ਵਧੇਰੇ ਹੁੰਦੀ ਹੈ। ਉਹ ਗ਼ਲਤੀਆਂ ਨੂੰ ਵਾਰ-ਵਾਰ ਦੁਹਰਾ ਕੇ ਗੁਨਾਹਾਂ ਵਿਚ ਤਬਦੀਲ ਨਹੀਂ ਕਰਦੇ ਤੇ ਨਾ ਹੀ ਗੁਨਾਹਾਂ ਦੀ ਲਿਸਟ ਲੰਮੀ ਨਹੀਂ ਕਰਦੇ ਹਨ। ਉਹ ਹਰ ਗ਼ਲਤੀ ਤੋਂ ਕੁਲ ਨਾ ਕੁਝ ਸਿੱਖਦੇ ਹਨ। ਇਸ ਕਰਕੇ ਸਿੱਖਦੇ ਨੇ ਕਿ ਇਹ ਗ਼ਲਤੀ ਇਕ ਇਨ ਵੱਡਾ ਗੁਨਾਹ ਬਣ ਸਕਦੀ ਹੈ। ਸ਼ਾਇਦ ਗੁਨਾਹ ਕਰਨ ਵਾਲੇ ਹਰ ਸ਼ਖ਼ਸ ਨੂੰ ਮਾਫ਼ ਕਰਨ ਦਾ ਕਾਰਨ ਵੀ ਇਹੀ ਹੋਵੇ ਕਿ ਮਾਫ਼ੀ ਤੋਂ ਬਾਅਦ ਸ਼ਾਇਦ ਉਹ ਆਪਣੀ ਭੁੱਲ ’ਤੇ ਵਿਚਾਰ ਕਰੇਗਾ ਤੇ ਮੁੜ ਤੋਂ ਅਜਿਹੀ ਗੁਸਤਾਖੀ ਨਹੀਂ ਕਰੇਗਾ।
ਮੈਂ ਸਾਨੂੰ ਗੁਸਤਾਖੀਆਂ ਨੂੰ ਗੁਨਾਹਾਂ ਵਿਚ ਬਦਲਣ ਤੋਂ ਪਹਿਲਾਂ ਹੀ ਵਿਚਾਰਨਾ, ਸੋਚਣਾ ਚਾਹੀਦਾ, ਜੇਕਰ ਨਾ ਸੋਚਾਂਗੇ ਤਾਂ ਇਕ ਨਾ ਇਕ ਦਿਨ ਵੱਡੇ ਗੁਨਾਹਗਾਰ ਬਣ ਜਾਵਾਂਗੇ। ਇਹ ਸੋਚਕੇ ਕਿ ਸਾਹਮਣੇ ਵਾਲੇ ਨੇ ਸਾਨੂੰ ਮਾਫ਼ ਕਰ ਦਿੱਤਾ ਹੈ ਜਾਂ ਮਾਫ਼ ਕਰ ਹੀ ਦੇਣਾ ਇਸ ਲਈ ਆਪਣੇ ਗੁਨਾਹਾਂ ਦੀ ਲਿਸਟ ਲੰਮੀ ਨਹੀਂ ਕਰਨੀ ਚਾਹੀਦੀ। ਸ਼ਾਇਦ ਇਹ ਸਮਝ ਲੈਣਾ ਚਾਹੀਦਾ ਕਿ ਅਮਲਾਂ ਦੇ ਨਿਬੇੜੇ ਕਰਨ ਵਾਲਾ ਕੋਈ ਉਪਰ ਵੀ ਬੈਠਾ ਹੈ। ਉਸਦੀ ਨਿਆਂਪਾਲਿਕਾ ਵਿਚ ਭੁੱਲ ਤਾਂ ਬਖ਼ਸ਼ ਦਿੱਤੀ ਜਾਂਦੀ ਹੈ ਪ੍ਰੰਤੂ ਗੁਨਾਹ ਨਹੀਂ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਆਪਣੀ ਜੀਵਨ ਸ਼ੈਲੀ ਦਾ ਹਰ ਰੋਜ਼
ਵਿਸ਼ਲੇਸ਼ਣ ਕਰੀਏ। ਹਰ ਇਨਸਾਨ ਗ਼ਲਤੀਆਂ ਕਰਦਾ ਹੈ। ਇਨ੍ਹਾਂ ਗ਼ਲਤੀਆਂ ਨੂੰ ਵਾਰ-ਵਾਰ ਦੁਹਰਾਉਣ ਦੀ ਥਾਂ ਇਨ੍ਹਾਂ ਤੋਂ ਸਿੱਖਣ ਸਮਝਣ ਦੀ ਲੋੜ ਹੈ।
ਸੋ ਅਸੀਂ ਇਸ ਗੱਲ ਤੋਂ ਗੁਰੇਜ ਕਰੀਏ ਕਿ ਸਾਡੀਆਂ ਗ਼ਲਤੀਆਂ ਗੁਨਾਹਾਂ ਵਿਚ ਨਾ ਬਦਲ ਜਾਣ ’ਤੇ ਇਕ ਦਿਨ ਸਾਡੇ ਗੁਨਾਹਾਂ ਦੀ ਲਿਸਟ ਏਨੀ ਲੰਮੀ ਹੋ ਜਾਵੇ। ਉਸ ਵੇਲੇ ਦੁਨਿਆਵੀ ਤੌਰ ’ਤੇ ਕਿਸੇ ਦਿਆਨਤਦਾਰ ਵਲੋਂ ਤਾਂ ਸਾਨੂੰ ਮਾਫ਼ੀ ਮਿਲ ਜਾਵੇ ਪ੍ਰੰਤੂ ਉੱਪਰ ਵਾਲੇ ਦੀ ਅਦਾਲਤ ਵਿਚ ਪੇਸ਼ ਹੋਣ ਵੇਲੇ ਸਾਡੇ ਗੁਨਾਹਾਂ ਦੀ ਲਿਸਟ ਏਨੀ ਕੁ ਲੰਮੀ ਹੋ ਜਾਵੇ ਤੇ ਫਿਰ ਉਨ੍ਹਾਂ ਦੀ ਮਾਫ਼ੀ ਸੱਤਾਂ ਜਨਮਾਂ ਤਕ ਵੀ ਨਾ ਨਸੀਬ ਹੋਵੇ। ਸੋ ਸਾਨੂੰ ਮਾਫ਼ ਕਰਨ ਵਾਲੇ ਵਾਗ ਸਹਿਜ ਅਵਸਥਾ ਵਾਲੇ, ਨਿਮਰ, ਸਾਊ ਤੇ ਸਿਆਣੇ ਮਨੁੱਖ ਬਣਨਾ ਚਾਹੀਦਾ ਹੈ। ਜੇਕਰ ਸਿੱਧੇ ਤੌਰ ’ਤੇ ਆਖੀਏ ਚੰਗੇ ਮਨੁੱਖ ਬਣਨਾ ਚਾਹੀਦਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ। ਚੇਤੇ ਰੱਖੋ ਵਾਰ-ਵਾਰ ਗ਼ਲਤੀਆਂ ਕਰ ਕੇ ਮਾਫ਼ੀਆਂ ਨਹੀਂ ਮੰਗੀਆਂ ਜਾਂਦੀਆਂ ਤੇ ਹਰ ਕੋਈ ਮਾਫ਼ ਕਰਨ ਵਾਲੀ ਉੱਚੀ ਸੋਚ ਦਾ ਮਾਲਕ ਵੀ ਨਹੀਂ ਹੁੰਦਾ। ਗੁਨਾਹਾਂ ਦੇ ਨਿਬੇੜੇ ਕਈ ਵਾਰ ਜਿਉਂਦੇ ਜੀਅ ਵੀ ਹੋ ਜਾਂਦੇ ਨੇ। ਭਾਵੇ ਮਾਫ਼ ਕਰਨ ਵਾਲਾ ਉਦੋਂ ਦੀ ਮਾਫ਼ ਹੀ ਕਰੇਗਾ ਤੇ ਅਸੀਂ ਆਪਣੀਆਂ ਹੀ ਨਜ਼ਰਾ ਵਿਚ ਗੁਨਾਹਗਾਰ ਬਣ ਜਾਵਾਂਗੇ। ਯਾਦ ਰਹੇ ਆਪਣੀਆਂ ਨਜ਼ਰਾਂ ਵਿਚ ਗਿਰ ਜਾਣ ਦੀ ਸਜ਼ਾ ਮਾਫ਼ ਕਰਨ ਦੇ ਬਾਅਦ ਵੀ ਭੁਗਤਣੀ ਪੈਂਦੀ ਹੈ, ਸ਼ਾਇਦ ਜ਼ਿੰਦਗੀ ਭਰ।