ਜਲੰਧਰ, 30 ਮਾਰਚ : ਜਲੰਧਰ ਜਿਮਨੀ ਚੋਣ ਦੇ ਹੋਏ ਐਲਾਨ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਪਹੁੰਚੇ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਹਲਾਤਾਂ ਕਾਰਨ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। ਪ੍ਰਧਾਨ ਬਾਦਲ ਨੇ ਅੰਮ੍ਰਿਤਪਾਲ ਦੀ ਵੀਡੀਓ ਤੇ ਟਿੱਪਣੀ ਕਰਨ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਅੰਮ੍ਰਿਤਪਾਲ ਨਾਲ ਹੋਣ ਕਾਰਨ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਧੱਕੇਸ਼ਾਹੀ ਕਰਕੇ ਨੌਜਵਾਨਾਂ ਨੂੰ ਜੇਲ੍ਹਾਂ ‘ਚ ਧੱਕ ਰਹੀ ਹੈ। ਸੁਖਬੀਰ ਬਾਦਲ ਨੇ ਭਾਰਤ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀ ਤਾਨਾਸ਼ਾਹੀ ਦਾ ਸ਼ਿਕਾਰ ਹੋਏ 100 ਨੌਜਵਾਨਾਂ ਨੂੰ ਪੁਲਿਸ ਤੋਂ ਛੁਡਵਾਇਆ ਅਤੇ ਕਈ ਥਾਵਾਂ ’ਤੇ ਪਾਰਟੀ ਆਗੂਆਂ ਨੇ ਨੌਜਵਾਨਾਂ ਦਾ ਭਵਿੱਖ ਵੀ ਸੰਵਾਰਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਜੇਲ੍ਹਾਂ ਵਿੱਚ ਬੰਦ ਕਰਨ ’ਤੇ ਤੁਲੀ ਹੋਈ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਸ਼ਾਂਤੀ ਦੀ ਗੱਲ ਕਰਨ ਆਏ ਹਾਂ ਅਤੇ ਇਹ ਸੰਦੇਸ਼ ਲੈ ਕੇ ਲੋਕਾਂ ਵਿੱਚ ਜਾਵਾਂਗੇ। ਬਾਦਲ ਨੇ ਕਿਹਾ ਕਿ ਪਿਛਲੀ ਵਾਰ ਅਕਾਲੀ ਦਲ ਅਤੇ ਬਸਪਾ ਵੱਖ-ਵੱਖ ਲੜੇ ਸਨ। ਇਸ ਵਾਰ ਇਕ ਹੀ ਉਮੀਦਵਾਰ ਹੋਵੇਗਾ ਅਤੇ ਅਸੀਂ ਜਲੰਧਰ ਸੀਟ 'ਤੇ ਵੱਡੀ ਜਿੱਤ ਦਰਜ ਕਰਾਂਗੇ।