
- ਭੁਲੱਥ ਵਿਖੇ ਰਸ਼ਪਾਲ ਸ਼ਰਮਾ ਤੇ ਬੇਗੋਵਾਲ ਵਿਖੇ ਦਲਜੀਤ ਕੌਰ ਨੇ ਨਗਰ ਪੰਚਾਇਤ ਪ੍ਰਧਾਨ ਵਜੋਂ ਅਹੁਦੇ ਸੰਭਾਲੇ
- ਵਿਕਾਸ ਕੰਮਾਂ ਲਈ ਨਵੀਆਂ ਪ੍ਰੋਪੋਜਲਾਂ ਤੁਰੰਤ ਭੇਜਣ ਦੇ ਹੁਕਮ
ਭੁਲੱਥ, 30 ਮਾਰਚ 2025 : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਪੇਸ਼ ਕੀਤਾ ਗਿਆ ਬਜਟ “ਬਦਲਦੇ ਪੰਜਾਬ “ ਦਾ ਰੋਡਮੈਪ ਪੇਸ਼ ਕਰਦਾ ਹੈ, ਜਿਸ ਰਾਹੀਂ ਅਗਲੇ 2 ਸਾਲ ਵਿਕਾਸ ਨੂੰ ਸਮਰਪਿਤ ਕੀਤੇ ਜਾਣਗੇ। ਅੱਜ ਇੱਥੇ ਭੁਲੱਥ ਨਗਰ ਪੰਚਾਇਤ ਦੇ ਦਫਤਰ ਵਿਖੇ ਪ੍ਰਧਾਨ ਸ੍ਰੀ ਰਸ਼ਪਾਲ ਸ਼ਰਮਾ ਅਤੇ ਬੇਗੋਵਾਲ ਵਿਖੇ ਨਗਰ ਪੰਚਾਇਤ ਦੀ ਪ੍ਰਧਾਨ ਦਲਜੀਤ ਕੌਰ , ਸੀਨੀਅਰ ਵਾਇਸ ਪ੍ਰਧਾਨ ਜਗਜੀਤ ਸਿੰਘ ਖਾਸਰੀਆ, ਵਾਇਸ ਪ੍ਰਧਾਨ ਬੂਟਾ ਸਿੰਘ ਵਲੋਂ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਆਰਥਿਕਤਾ ਵਿਚ 9 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ, ਸਿੱਖਿਆ ਤੇ ਵਿਕਾਸ ਨੂੰ ਬਜਟ ਵਿੱਚ ਪਹਿਲ ਦਿੱਤੀ ਹੈ ਜਿਸ ਤਹਿਤ ਪਹਿਲੀ ਵਾਰ ਕਿਸੇ ਸਰਕਾਰ ਵਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਲਈ 10 ਲੱਖ ਰੁਪੈ ਦਾ ਸਾਲਾਨਾ ਬੀਮਾ ਕਵਰ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਗਈ ਹੈ ਤੇ ਵਰਤਮਾਨ ਬਜਟ ਵਿੱਚ ਵੀ ਪੰਜਾਬ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਲਈ 17975 ਕਰੋੜ ਰੁਪੈ ਖਰਚ ਕਰਨ ਦਾ ਪ੍ਸਤਾਵ ਰੱਖਿਆ ਗਿਆ ਹੈ ਜੋਕਿ ਕੁੱਲ ਬਜਟ ਦਾ 12 ਫੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰੀਵੈਂਨਸ਼ਨ, ਇਨਫੋਰਸਮੈਂਟ ਅਤੇ ਰੀਹੈਬਿਲੀਟੇਸ਼ਨ ਦੀ ਤਿੰਨ ਪਰਤੀ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਨਸ਼ਾ ਤਸਕਰਾਂ ਵਲੋਂ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਤੋੜਿਆ ਤੇ ਜ਼ਬਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਾਗਰੂਕਤਾ ਫੈਲਾਈ ਜਾ ਰਹੀ ਹੈ। ਸ੍ਰੀ ਅਰੋੜਾ ਨੇ ਇਹ ਵੀ ਦੱਸਿਆ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਅਤੇ ਸਵੈ ਰੋਜ਼ਗਾਰ ਸਥਾਪਿਤ ਕਰਨ ਦੇ ਮਕਸਦ ਨਾਲ ਰੋਜ਼ਗਾਰ ਬਿਊਰੋ ਵਲੋਂ ਵੱਖ-ਵੱਖ ਕਿੱਤਿਆਂ ਦੇ ਸਿਖਲਾਈ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਆਉਣ ਵਾਲੇ ਨਸ਼ੇ ਦੀ ਰੋਕਥਾਮ ਲਈ ਵਿਸ਼ਵ ਦੀ ਅਤਿਆਧੁਨਿਕ ਐਂਟੀ ਡ੍ਰੋਨ ਪ੍ਰਨਾਲੀ ਨੂੰ ਵੀ ਤਾਇਨਾਤ ਕਰਨਾ ਸ਼ੁਰੂ ਕੀਤਾ ਗਿਆ ਹੈ,ਜਿਸ ਲਈ 110 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਨਵ ਨਿਯੁਕਤ ਪ੍ਰਧਾਨਾਂ ਨੂੰ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਵਿਕਾਸ ਕੰਮਾਂ ਬਾਰੇ ਪ੍ਰਸਤਾਵ ਜਲਦ ਭੇਜਣ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਡਾਲਾ – ਸੁਭਾਨਪੁਰ ਸੜਕ ਦੇ ਮਜਬੂਤੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਜਲਦ ਹੀ ਇਸਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ।ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਰਾਧੇ ਸ਼ਿਆਮ ਮੰਦਿਰ ਵਿਖੇ ਮੱਥਾ ਟੇਕਿਆ ਗਿਆ। ਇਸ ਮੌਕੇ ਫਗਵਾੜਾ ਹਲਕੇ ਦੇ ਇੰਚਾਰਜ ਤੇ ਸਾਬਕਾ ਮੰਤਰੀ ਜੋਗਿੰਦਰ ਮਾਨ , ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ , ਆਮ ਆਦਮੀ ਪਾਰਟੀ ਦੇ ਬੁਲਾਰੇ ਹਰਜੀ ਮਾਨ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ , ਐਸ.ਡੀ.ਐਮ. ਡੈਵੀ ਗੋਇਲ਼ ਤੇ ਕੌਂਸਲਰ ਹਾਜ਼ਰ ਸਨ।