
- ਕਣਕ ਦੀ ਰਹਿੰਦ-ਖੂੰਹਦ ਤੇ ਨਾੜ ਨੂੰ ਅੱਗ ਲਾਉਣ ’ਤੇ ਵੀ ਲੱਗੀ ਰੋਕ
ਨਵਾਂਸ਼ਹਿਰ, 3 ਅਪ੍ਰੈਲ 2025 : ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ ਨੇ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਚੰਡੀਗੜ੍ਹ ਦੇ ਪੱਤਰ ਅਤੇ ਰਬੀ ਸੀਜ਼ਨ 2025-26 ਨੂੰ ਮੁੱਖ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਜ਼ਿਮੀਦਾਰਾਂ/ਕੰਬਾਈਨ ਮਾਲਕਾਂ ਵੱਲੋਂ ਕਣਕ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਨਹੀਂ ਕੀਤੀ ਜਾਵੇਗੀ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਖ਼ੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਚੰਡੀਗੜ੍ਹ ਵੱਲੋਂ ਆਪਣੇ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਰਬੀ ਸੀਜ਼ਨ 2025-26 ਦੌਰਾਨ ਕਣਕ ਦੀ ਖ਼ਰੀਦ ਦਾ ਸੀਜਨ ਮਿਤੀ 1-4-2025 ਤੋਂ ਸ਼ੁਰੂ ਕੇ ਮਿਤੀ 15-5-2025 ਨੂੰ ਮੁਕੰਮਲ ਹੋਵੇਗਾ। ਭਾਰਤ ਸਰਕਾਰ ਵੱਲੋਂ ਹਰ ਸਾਲ ਕਣਕ ਦੀ ਖ਼ਰੀਦ ਲਈ 12 ਫੀਸਦੀ ਨਮੀ ਦੀ ਮਾਤਰਾ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਦੇ ਸਨਮੁੱਖ ਇਹ ਯਕੀਨੀ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੀ ਕਣਕ ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੀ ਜਾਵੇ, ਉਹ ਵੱਧ ਨਮੀ ਵਾਲੀ ਨਾ ਹੋਵੇ। ਇਸ ਲਈ ਕਣਕ ਵਿਚ ਵੱਧ ਨਵੀਂ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਕਾਨੂੰਨੀ ਹੁਕਮ ਜਾਰੀ ਕਰਦੇ ਹੋਏ ਕੰਬਾਈਨ ਹਾਰਵੈਸਟਰ ਮਾਲਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਕਣਕ ਦੀ ਕਟਾਈ ਲਈ ਕੰਬਾਈਨਾਂ ਕੇਵਲ ਦਿਨ ਸਮੇਂ ਹੀ ਚਲਾਉਣ ਅਤੇ ਸੂਰਜ ਢਲਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਕੰਬਾਈਨਾਂ ਨਾ ਚੱਲਣ ਦਿੱਤੀਆਂ ਜਾਣ। ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਕ ਵੱਖਰੇ ਹੁਕਮ ਰਾਹੀਂ ਜ਼ਿਲ੍ਹੇ ਦੀ ਹਦੂਦ ਅੰਦਰ ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਅੱਗ ਲਗਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਹੁਕਮ ਨੂੰ ਲਾਗੂ ਕਰਵਾਉਣ ਦੇ ਸੀਨੀਅਰ ਪੁਲਿਸ ਕਪਤਾਨ, ਸ਼ਹੀਦ ਭਗਤ ਸਿੰਘ ਨਗਰ ਅਤੇ ਮੁੱਖ ਖੇਤੀਬਾੜੀ ਅਫਸਰ, ਸ਼ਹੀਦ ਭਗਤ ਸਿੰਘ ਨਗਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਰਬੀ ਸੀਜ਼ਨ 2025-26 ਸ਼ੁਰੂ ਹੋ ਗਿਆ ਹੈ। ਆਮ ਤੌਰ 'ਤੇ ਜ਼ਿਮੀਂਦਾਰ ਕਣਕ ਦੀ ਕਟਾਈ ਤੋਂ ਬਾਅਦ ਬਚ ਗਈ ਰਹਿੰਦ-ਖੂੰਹਦ ਨਾੜ ਨੂੰ ਖੇਤਾਂ ਵਿਚ ਅੱਗ ਲਗਾ ਦਿੰਦੇ ਹਨ। ਇਸ ਨਾਲ ਵਾਤਾਵਰਨ, ਜੀਵ-ਜੰਤੂਆਂ, ਲਾਗੇ ਖੜ੍ਹੀ ਫ਼ਸਲ, ਸੜ੍ਕ ਦੇ ਕਿਨਾਰੇ ਲਗਾਏ ਬੂਟਿਆਂ/ਦਰਖ਼ਤਾਂ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ ਅਤੇ ਆਮ ਪਬਲਿਕ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖ਼ਤਮ ਹੁੰਦੀ ਹੈ। ਇਹ ਦੋਵੇਂ ਹੁਕਮ 1 ਜੂਨ, 2025 ਤੱਕ ਲਾਗੂ ਰਹਿਣਗੇ।