ਸਕੂਲਾਂ ਵਿਚ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਅਨੀਮੀਆ ਮੁਕਤ ਭਾਰਤ' ਮੁਹਿੰਮ ਬਾਰੇ ਟੀਮਾਂ ਫੈਲਾਉਣ ਜਾਗਰੂਕਤਾ : ਡਾ. ਗੁਰਪ੍ਰੀਤ ਸਿੰਘ ਰਾਏ

  • ਸਿਵਲ ਸਰਜਨ ਵੱਲੋਂ ਆਰ ਬੀ ਐਸ ਕੇ ਟੀਮਾਂ ਨਾਲ ਕੀਤੀ ਗਈ ਅਹਿਮ ਮੀਟਿੰਗ

ਤਰਨ ਤਾਰਨ, 04 ਅਪ੍ਰੈਲ 2025 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ  ਵਲੋਂ ਸ਼ੁਕਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਵੱਖ-ਵੱਖ ਬਲਾਕਾਂ ਦੇ ਰਾਸ਼ਟਰੀ ਬਾਲ ਸਵਾਸਥ ਕਰਿਆ ਕਰਮ (ਆਰ.ਬੀ.ਐਸ.ਕੇ) ਦੇ ਆਯੁਰਵੈਦਿਕ ਮੈਡੀਕਲ ਅਫਸਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਆਰ ਬੀ ਐਸ ਕੇ ਟੀਮਾਂ ਦੇ ਸਲਾਨਾ ਮਾਈਕਰੋ ਪਲਾਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਆਰ ਬੀ ਐਸ ਕੇ ਟੀਮਾਂ ਵੱਲੋਂ ਜਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਜਾ ਕੇ ਵਿਦਿਆਰਥੀਆਂ ਅਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਸਾਰੀਆਂ ਟੀਮਾਂ ਵਲੋਂ ਸਕੂਲਾਂ ਸਬੰਧੀ ਮਾਈਕਰੋ ਪਲਾਨ ਤਿਆਰ ਕੀਤੇ ਗਏ ਮਾਈਕਰੋ ਪਲਾਨ ਨੂੰ ਵਿਚਾਰਿਆ ਗਿਆ ਤਾਂ ਜੋ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਸਿਹਤ ਜਾਂਚ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਆਰ ਬੀ ਐਸ ਕੇ ਪ੍ਰੋਗਰਾਮ ਦੌਰਾਨ ਸਿਹਤ ਵਿਭਾਗ ਵੱਲੋਂ 30 ਦੇ ਕਰੀਬ ਇਲਾਜ ਯੋਗ ਬਿਮਾਰੀਆਂ ਦਾ ਇਲਾਜ 18 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਮੁਹੱਇਆ  ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਹੁਣ ਤੱਕ ਕਈ ਬੱਚਿਆਂ ਦੇ ਦਿਲਾਂ ਦੇ ਆਪਰੇਸ਼ਨ, ਕੋਕਲਿਅਰ ਇਮ ਪਲਾਂਟ ਬਿਲਕੁਲ ਮੁਫਤ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਰ ਬੀ ਐਸ ਕੇ ਟੀਮਾਂ ਰਾਹੀਂ ਅਨੀਮੀਆਂ ਮੁਕਤ ਭਾਰਤ ਮੁਹਿੰਮ ਨੂੰ ਵੀ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਖੂਨ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਖੂਨ ਦੀ ਕਮੀ ਕਾਰਨ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਅਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿਮ ਤਹਿਤ ਬੱਚਿਆਂ ਨੂੰ ਤੰਦਰੁਸਤੀ ਮੁਕਤੀ ਚ ਮਿਥਿਆ ਗਿਆ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਕੂਲਾਂ ਨੂੰ ਆਇਰਨ ਫੋਲਿਕ ਐਸਿਡ ਦੀ ਗੋਲੀਆਂ ਮੁਹੱਇਆਂ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਬੱਚਿਆਂ ਦੇ ਵਿੱਚੋਂ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਆਰ ਬੀ ਐਸ ਕੇ ਟੀਮ ਅਤੇ ਮਾਸ ਮੀਡੀਆ ਵਿੰਗ ਵੱਲੋਂ ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਖੇ ਜਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ  ਆਰ ਬੀ ਐਸ ਕੇ ਦੀਆਂ ਟੀਮਾਂ ਨੂੰ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਰਿਪੋਰਟਿੰਗ ਸਮੇਂ ਸਰ ਕਰਨ ਦੀ ਵੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਮੈਡੀਕਲ ਅਫਸਰਾਂ ਨੂੰ ਐਚ.ਐਮ.ਆਈ.ਐਸ ਅਤੇ ਆਰ ਬੀ ਐਸ ਕੇ ਪੋਰਟਲ ਉੱਤੇ ਕੀਤੀਆਂ ਗਈਆਂ ਗਤੀ-ਵਿਧੀਆਂ ਨੂੰ ਸਮੇਂ ਸਿਰ ਅਪਡੇਟ ਕਰਨ ਲਈ ਕਿਹਾ ਗਿਆ। ਉਹਨਾਂ ਦੱਸਿਆ ਕਿ ਮੀਟਿੰਗ ਸਕੂਲ ਹੈਲਥ ਵੈਲਨੈਸ ਪ੍ਰੋਗਰਾਮ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਜਿਸ ਤਹਿਤ ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਗਏ  ਅਧਿਆਪਕਾਂ ਵੱਲੋਂ ਆਪਣੀਆਂ-ਆਪਣੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਦੇ  ਸੰਪੂਰਨ ਵਿਕਾਸ ਲਈ ਗਤੀ-ਵਿਧੀਆਂ ਕੀਤੀਆਂ ਜਾਣੀਆਂ ਹਨ। ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਸਕੂਲਾਂ ਦੇ ਵਿੱਚ ਪੜ੍ਹ ਰਹੇ ਉਹਨਾਂ ਬੱਚਿਆਂ ਦੇ ਸ਼ਨਾਖਤ ਕੀਤੀ ਜਾਵੇਗੀ ਜੋ ਅਨੀਮੀਆ ਕਾਰਨ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਵੀ ਬੱਚੇ ਗੰਭੀਰ ਖੂਨ ਦੀ ਕਮੀ ਕਾਰਨ ਪਾਏ ਜਾਣਗੇ ਉਨ੍ਹਾਂ ਦਾ  ਇਲਾਜ ਵਿਭਾਗ ਵੱਲੋਂ ਤੁਰੰਤ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਆਰ ਬੀ ਐਸ ਕੇ ਦੀਆਂ ਟੀਮਾਂ ਵੱਲੋਂ ਜਲਦ ਸ਼ੁਰੂ ਹੋਣ ਵਾਲੇ ਪੋਸ਼ਣ  ਪੰਦਰਵਾੜੇ ਨੂੰ ਵੀ ਸਕੂਲਾਂ ਦੇ ਵਿੱਚ ਮਨਾਇਆ ਜਾਵੇ  ਇਸ ਮੌਕੇ ਜ਼ਿਲ੍ਹਾ  ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਆਰ ਬੀ ਐਸ ਕੇ ਕੋਆਰਡੀਨੇਟਰ ਰਜਨੀ ਸ਼ਰਮਾ, ਕੰਪਿਊਟਰ ਆਪਰੇਟਰ ਸੰਦੀਪ ਸਿੰਘ ਆਦਿ ਮੌਜੂਦ ਰਹੇ।