ਹੁਸ਼ਿਆਰਪੁਰ, 14 ਮਾਰਚ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਪਿੰਡ ਫਲਾਹੀ ਵਿਚ ਸਰਕਾਰੀ ਕੈਟਲ ਪੌਂਡ ਬਹੁਤ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ, ਜਿਸ ਵਿਚ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਅੱਜ ਸਰਕਾਰੀ ਕੈਟਲ ਪੌਂਡ ਫਲਾਹੀ ਦਾ ਦੌਰਾ ਕਰਕੇ ਇਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਕੈਟਲ ਪੌਂਡ ਦਾ ਦੌਰਾ ਕਰਦਿਆਂ ਕਿਹਾ ਕਿ ਇਥੋਂ ਦੀ ਹਰੇਕ ਲੋੜ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਥੇ ਇਕ ਨਵੀਂ ਸ਼ੈੱਡ ਦੀ ਜ਼ਰੂਰਤ ਹੈ, ਜਿਸ ਨੂੰ ਸੋਨਾਲੀਕਾ ਇੰਡਸਟਰੀ ਦੀ ਸੋਸਾਇਟੀ ਵਲੋਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਊਧਨ ਦੀ ਸੇਵਾ ਲਈ ਇਥੇ 4 ਹੋਰ ਨਵੇਂ ਗਊ ਸੇਵਕ ਨਿਯੁਕਤ ਕੀਤੇ ਗਏ ਹਨ, ਜਿਸ ਉਪਰੰਤ ਇਨ੍ਹਾਂ ਦੀ ਗਿਣਤੀ 9 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਮਾਣ ਅਤੇ ਸੰਤੁਸ਼ਟੀ ਦਾ ਵਿਸ਼ਾ ਹੈ ਕਿ ਇਸ ਕੈਟਲ ਪੌਂਡ ’ਤੇ ਕਰੀਬ 90 ਲੱਖ ਰੁਪਏ ਸਾਲਾਨਾ ਖਰਚਾ ਆਉਂਦਾ ਹੈ ਅਤੇ ਇਹ ਸਾਰਾ ਖਰਚਾ ਦਾਨੀ ਸੱਜਣਾਂ, ਸੰਸਥਾਵਾਂ, ਸੋਸਾਇਟੀਆਂ, ਐਨ.ਜੀ.ਓਜ਼ ਪੱਧਰ ’ਤੇ ਹੀ ਪੂਰਾ ਹੋ ਜਾਂਦਾ ਹੈ ਅਤੇ ਸਰਕਾਰੀ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਕੈਟਲ ਪੌਂਡ ਲਈ ਆਉਣ ਵਾਲਾ ਸਰਕਾਰੀ ਪੈਸਾ ਜ਼ਰੂਰਤ ਪੈਣ ’ਤੇ ਹੀ ਵਰਤੋਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਕੈਟਲ ਪੌਂਡ ਵਲੋਂ ਵਧੀਆ ਤਰੀਕੇ ਨਾਲ ਚਲਾਉਣ ਸਬੰਧੀ ਸੁਝਾਅ ਵੀ ਮੰਗੇ।ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਕੈਟਲ ਪੌਂਡ ਵਿਚ ਡਾਕਟਰ, ਦਵਾਈਆਂ ਅਤੇ ਹੋਰ ਬੁਨਿਆਦੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਨਾਲੀਕਾ ਇੰਡਸਟਰੀ ਵਲੋਂ ਪਸ਼ੂਆਂ ਦੇ ਚਾਰੇ ਵਿਚ ਵਰਤੀ ਜਾਣ ਵਾਲੀ ਤੂੜੀ ਦਾ ਸਾਲ ਭਰ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਟਲ ਪੌਂਡ ਵਿਚ ਗਊਧਨ ਦੀ ਸੁਵਿਧਾ ਲਈ ਹੋਰ ਜ਼ਰੂਰੀ ਪ੍ਰਬੰਧਾਂ ਤੋਂ ਇਲਾਵਾ ਇਸ ਨੂੰ ਹੋਰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ’ਤੇ ਕੰਮ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਕੈਟਲ ਪੌਂਡ ਲਈ ਟਰੈਕਟਰ, ਫਰਿੱਜ ਤੇ ਲਿਫਟ ਵਹੀਕਲ ਦਾ ਜਲਦ ਇੰਤਜ਼ਾਮ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਖਰੂਦ ਪਾਉਣ ਵਾਲੇ ਸਾਂਢਾ ਲਈ ਨਗਰ ਨਿਗਮ ਵਲੋਂ ਡਾਟ ਗੰਨ ਲੈ ਕੇ ਪਸ਼ੂ ਪਾਲਣ ਵਿਭਾਗ ਨੂੰ ਦਿੱਤੀ ਜਾਵੇਗੀ। ਉਨ੍ਹਾਂ ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀ ਟੈਗਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਫਲਾਹੀ ਸਥਿਤ ਇਸ ਸਰਕਾਰੀ ਕੈਟਲ ਪੌਂਡ ਵਿਚ ਬਿਮਾਰ ਅਤੇ ਜ਼ਖਮੀ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾਂਦਾ ਹੈ।