ਜਲੰਧਰ, 09 ਮਾਰਚ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਜੁੜ ਗਿਆ ਹੈ। 5 ਫਰਵਰੀ ਨੂੰ ਸਤਿਸੰਗ ਦੌਰਾਨ ਡੇਰਾ ਮੁਖੀ ਨੇ ਗੁਰੂ ਰਵਿਦਾਸ ਅਤੇ ਕਬੀਰ ਦਾਸ ਮਹਾਰਾਜ 'ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਜਿਸ ਮਗਰੋਂ ਜਲੰਧਰ ਦੇ ਥਾਣਾ ਪਤਾਰਾ 'ਚ ਰਵਿਦਾਸ ਟਾਈਗਰ ਫੋਰਸ ਪੰਜਾਬ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਦੀ ਖ਼ਬਰ ਮੁਤਾਬਿਕ, ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁਖੀ ਜੱਸੀ ਤੱਲ੍ਹਣ ਨੇ ਦੱਸਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 5 ਫਰਵਰੀ ਨੂੰ ਸਿਰਸਾ ਵਿੱਚ ਹੋਏ ਸਤਿਸੰਗ ਵਿੱਚ ਕਬੀਰਦਾਸ ਅਤੇ ਰਵਿਦਾਸ ਮਹਾਰਾਜ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਡੇਰਾ ਮੁਖੀ ਦੇ ਸਤਿਸੰਗ ਦੀ ਜਦੋਂ ਵੀਡੀਓ ਵਾਇਰਲ ਹੋਈ, ਉਹਦੇ ਬਾਅਦ ਰਵਿਦਾਸ ਟਾਈਗਰ ਫੋਰਸ ਪੰਜਾਬ ਵਲੋਂ ਸ਼ਿਕਾਇਤ ਦਰਜ ਕਰਵਾ ਕੇ, ਰਾਮ ਰਹੀਮ ਖਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ 'ਤੇ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣਾ ਪਤਾਰਾ ਜਲੰਧਰ ਦੇਹਾਤ ਵਿਖੇ 295-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ 7 ਮਾਰਚ ਨੂੰ ਦਰਜ ਕੀਤਾ ਗਿਆ ਹੈ।