ਕਿੱਸਾ--ਹੀਰ ਰਾਂਝਾ ਵਾਰਿਸ ਸ਼ਾਹ
ਲਿਖਯਤੇ
ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੁਲ ਮੀਆਂ
ਇਸ਼ਕ ਫੇਲ੍ਹ ਹੈ ਰੱਬ ਦੀ ਜ਼ਾਤ ਫ਼ਾਇਲ ਆਸ਼ਕ ਓਸ ਦੇ ਸਭ ਮਫ਼ਊਲ ਮੀਆਂ
ਹੈਸੀ ਇਸ਼ਕ ਜ਼ਰੂਰ ਹੀ ਇਸ਼ਕ ਸਾਰਾ ਇਸ਼ਕ ਹੋਸੀਆ ਸਦਾ ਮਾਮੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਏ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਇਸ਼ਕ ਵਾਸਤੇ ਰੱਬ ਹਬੀਬ ਉੱਤੇ ਕੀਤਾ ਆਪ ਫ਼ੁਰਕਾਨ ਨਜੂਲ ਮੀਆਂ
ਪੜ੍ਹ ਪੜ੍ਹ ਇਲਮ ਕਜ਼ਾ ਪਏ ਕਰਨ ਮੁਫ਼ਤੀ ਬਾਝ ਇਸ਼ਕ ਦ ਰਹਿਨ ਮਜ਼ਹੂਲ ਮੀਆਂ
ਪੜ੍ਹਿਆਂ ਇਲਮ ਨਾ ਰੱਬ ਦੀ ਤਮ੍ਹਾ ਹੁੰਦੀ ਇਕੋ ਇਸ਼ਕ ਦਾ ਹਰਫ਼ ਮਾਕੂਲ ਮੀਆਂ
ਦਰਜਾ ਇਸ਼ਕ ਹੈ ਆਸ਼ਕਾਂ ਸਾਦਕਾਂ ਦਾ ਕਰਦੇ ਇਸ਼ਕ ਨੇ ਮਰਦ ਕਬੂਲ ਮੀਆਂ
ਮੰਜ਼ਲ ਇਸ਼ਕ ਦੀ ਵਿੱਚ ਮਕਸੂਦ ਮਿਲਦਾ ਝੇੜੇ ਹੋਰ ਨੀ ਤੂਲ ਫ਼ਜੂਲ ਮੀਆਂ
ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ ਇਸ਼ਕ ਬਾਝ ਨਜ਼ਾਤ ਨਾ ਮੂਲ ਮੀਆਂ
ਆਸ਼ਕ ਸਦਾ ਜ਼ਿੰਦਾ ਖੁਸ਼ੀਆਂ ਨਾਲ ਰਹਿੰਦੇ ਕਦੇ ਹੋ ਨਾ ਬਹਿਣ ਮਲੂਲ ਮੀਆਂ
ਇਸ਼ਕ ਆਸ਼ਕਾਂ ਦਾ ਸਰਦਾਰ ਹੈ ਜੀ ਆਸ਼ਕ ਇਸ਼ਕ ਨੂੰ ਕਰਨ ਕਬੂਲ ਮੀਆਂ
ਖਾਤਰ ਇਸ਼ਕ ਦੀ ਜ਼ਿਮੀਂ ਅਸਮਾਨ ਬਣਿਆ ਲੋਹਕਲਮ ਦਾ ਇਸ਼ਕ ਅਸੂਲ ਮੀਆਂ
ਖੁਲ੍ਹੇ ਤਿਨ੍ਹਾਂ ਦੇ ਭਾਗ ਕਬੂਲ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ
ਵਾਰਸ ਆਸ਼ਕਾਂ ਤੇ ਕਰਮ ਰੱਬ ਦਾ ਏ ਜਿਨ੍ਹਾਂ ਕੀਤਾ ਹੈ ਇਸ਼ਕ ਹਸੂਲ ਮੀਆਂ
ਯਾਰਾਂ ਦੀ ਫ਼ਰਮਾਇਸ਼ ਇਸ਼ਕ ਮਜਾਜ਼ੀ ਦੇ ਕਹਿਣ ਵਿਚ
ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ
ਫੇਰ ਨਬੀ ਰਸੂਲ ਪੈਗੰਬਰਾਂ ਨੂੰ ਦੱਮ ਦੱਮ ਦਰੂਦ ਪਹੁੰਚਾਈਏ ਜੀ
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਇਸ ਪ੍ਰੇਮ ਦੀ ਝੋਕ ਦਾ ਸੱਭ ਕਿੱਸਾ ਜੀਭ ਸੋਹਿਣੀ ਨਾਲ ਸੁਣਾਈਏ ਜੀ
ਹਿਰਸ ਤੋੜ ਕੇ ਬੂਦ ਨਾਬੂਦ ਵਾਲੀ ਦਰਜਾ ਆਪ ਫ਼ਨਾਹ ਦਾ ਪਾਈਏ ਜੀ
ਤਦੋਂ ਸ਼ੇਅਰ ਦੀ ਸ਼ਾਇਰੀ ਵੱਲ ਹੋਵੇ ਜਦੋਂ ਇਜ਼ਨ ਹਜ਼ੂਰ ਤੋਂ ਪਾਈਏ ਜੀ
ਪੱਲੇ ਦੌਲਤਾਂ ਹੋਣ ਤੇ ਵੰਡ ਦੇਈਏ ਗੰਢੀ ਛੋੜਿਆਂ ਨਾਂਹ ਸਦਾਈਏ ਜੀ