ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ, ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖ਼ਾਸ ਤਿਉਹਾਰ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ। ਇਸ ਮਹੀਨੇ ਫ਼ਸਲਾਂ ਦੀ ਬਿਜਾਈ ਤਕਰੀਬਨ-ਤਕਰੀਬਨ ਹੋ ਚੁੱਕੀ ਹੁੰਦੀ ਹੈ, ਬੱਸ ਥੋੜ੍ਹੀ ਬਹੁਤ ਦੇਖ ਭਾਲ ਹੀ ਬਾਕੀ ਹੁੰਦੀ ਹੈ। ਲੋਹੜੀ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਿਤ ਹੋਣ ਦਾ ਸਮਾਂ ਹੁੰਦਾ ਹੈ।
ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ ਜੋੜਦੇ ਹਨ। ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਲੋਹੜੀ ਦੇ ਤਿਉਹਾਰ ਦਾ ਸਬੰਧ ਭਾਵੇਂ ਮੂਲ ਰੂਪ ਵਿਚ ਮੌਸਮ ਨਾਲ ਜੁੜਿਆ ਹੈ, ਪਰ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂਅ ਨਾਲ ਵੀ ਜੋੜਦੇ ਹਨ ਕਿ ‘ਲੋਈ’ ਦੇ ਨਾਂਅ ਤੋਂ ਹੀ ‘ਲੋਹੜੀ’ ਦਾ ਨਾਂਅ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਅਤੇ ਰਿਉੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ ‘ਤਿਲੋਹੜੀ’ ਸੀ, ਪਰ ਬਾਅਦ ਵਿਚ ‘ਲੋਹੜੀ’ ਮਸ਼ਹੂਰ ਹੋ ਗਿਆ। ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ‘ਦੁੱਲਾ ਭੱਟੀ’ ਨਾਂਅ ਦੇ ਕਿਰਦਾਰ ਨਾਲ ਵੀ ਜੋੜਿਆ ਜਾਂਦਾ ਹੈ, ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਇਕ ਵਾਰ ਉਸ ਨੇ ਅਗਵਾਕਾਰਾਂ ਦੇ ਚੁੰਗਲ ਵਿਚੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ। ਇਕ ਹੋਰ ਲਿਖਤ ਅਨੁਸਾਰ ਕਿਸੇ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਬਹੁਤ ਖੂਬਸੂਰਤ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ। ਉਸ ਸਮੇਂ ਦੇ ਹਾਕਮ ਦੀ ਨਜ਼ਰੀ ਇਹ ਲੜਕੀਆਂ ਚੜ੍ਹ ਗਈਆਂ ਤੇ ਉਹ ਹਾਕਮ ਦੋਵਾਂ ਭੈਣਾਂ ਤੇ ਮੈਲੀ ਅੱਖ ਰੱਖਣ ਲੱਗ ਪਿਆ। ਦੁੱਲੇ ਭੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ। ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲੇ ਭੱਟੀ ਨੇ ਲਾਗਲੇ ਪਿੰਡਾਂ ਵਿਚੋਂ ਦਾਨ ਦੇ ਰੂਪ ਵਿਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ‘ਤੇ ਇਕੱਠੇ ਹੋਏ। ਦੁੱਲੇ ਭੱਟੀ ਨੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ‘ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਭੱਟੀ ਏਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ।


ਸੁੰਦਰ ਮੁੰਦਰੀਏ-ਹੋ!
ਤੇਰਾ ਕੌਣ ਵਿਚਾਰਾ-ਹੋ!
ਦੁੱਲਾ ਭੱਟੀ ਵਾਲਾ-ਹੋ!
ਦੁੱਲੇ ਨੇ ਧੀ ਵਿਆਈ-ਹੋ!
ਸੇਰ ਸ਼ੱਕਰ ਪਾਈ-ਹੋ!….


ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ (ਅੱਜਕਲ੍ਹ ਤਾਂ ਬੱਚੇ) ਟੋਲੀਆਂ ਬਣਾ ਕੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ ਕਿ :


ਦੇਹ ਮਾਈ ਪਾਥੀ, ਤੇਰਾ ਪੁੱਤ ਚੜੂ੍ਹਗਾ ਹਾਥੀ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜੂ੍ਹਗਾ ਘੋੜੀ।


ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।

ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।


ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ।


ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।


ਲੋਹੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ, ਦੇ ਸੱਦੇ ‘ਤੇ ਕਿਸੇ ਖੁੱਲ੍ਹੇ ਥਾਂ ‘ਤੇ ਲੱਕੜਾਂ ਦਾ ਢੇਰ ਲਗਾ ਕੇ ਅੱਗ ਬਾਲ਼ੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਉੜੀਆਂ, ਗੱਚਕ ਤੇ ਹੋਰ ਕਈ ਪਕਵਾਨ ਖਾਂਦੇ ਹਨ ਤੇ ਅੱਗ ਵਿਚ ਤਿੱਲ ਸੁੱਟ ਕੇ ਬੋਲਦੇ ਹਨ ਕਿ


ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।


ਅੱਗ ਵਿਚ ਤਿੱਲ ਸੁੱਟਦੇ ਸਮੇਂ ਇਹ ਧਾਰਨਾ ਹੁੰਦੀ ਹੈ ਕਿ ਜਿੰਨੇ ਤਿਲ ਜਠਾਣੀ ਅੱਗ ਵਿਚ ਸੁੱਟੇਗੀ, ਉਨ੍ਹੇ ਹੀ ਦਰਾਣੀ ਮੁੰਡੇ ਜੰਮੇਗੀ। ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੂਲੀ, ਗੰਨੇ, ਮੂੰਗਫਲੀ, ਰਿਉੜੀਆਂ, ਗੱਚਕ, ਭੁੱਗਾ, ਖਿੱਲਾਂ, ਖਜੂਰਾਂ, ਗੰਨੇ ਦੇ ਰਸ (ਰਹੂ ਦੀ ਖੀਰ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ‘ਤੇ ਖਾਧੀ ਜਾਂਦੀ ਹੈ। ਇਸੇ ਲਈ ਆਖਦੇ ਹਨ ਕਿ ‘ਪੋਹ ਰ੍ਹਿੰਨੀ ਮਾਘ ਖਾਧੀ’।
ਪਰ ਅੱਜਕਲ੍ਹ ਇਹ ਲੋਹੜੀ ਦਾ ਤਿਉਹਾਰ ਸਿਰਫ ਸਕੂਲਾਂ ਕਾਲਜਾਂ ਦੇ ਮੰਚਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕਈ ਵਿਦਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ, ਚਾਹੇ ਪੜ੍ਹਾਈ ਦਾ ਖੇਤਰ, ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਧੀਆਂ ਨੇ ਮੱਲਾਂ ਮਾਰੀਆਂ ਹਨ। ਕੰਪਿਊਟਰੀਕਰਨ ਦੇ ਇਸ ਯੁੱਗ ਵਿਚ ਸਾਨੂੰ ਆਪਣੀ ਰੂੜੀਵਾਦੀ ਸੋਚ ਨੂੰ ਛੱਡਣਾ ਪਵੇਗਾ। ਅੱਜ ਦੇ ਜ਼ਮਾਨੇ ਵਿਚ ਧੀ ਪੁੱਤ ਵਿਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਭਰੂਣ ਹੱਤਿਆ ਵਰਗੇ ਬੱਜਰ ਗੁਨਾਹਾਂ ਤੋਂ ਤੋਬਾ ਕਰਨੀ ਹੋਵੇਗੀ ਤਾਂ ਹੀ ਲੋਹੜੀ ਵਰਗੇ ਤਿਉਹਾਰ ਮਨਾਉਣੇ ਸਭ ਲਈ ਸਾਰਥਕ ਹੋਣਗੇ। ਲੋਹੜੀ ਵਾਲੇ ਦਿਨ ਲੋਕੀਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੌਲਾ ਪਾਉਂਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ।