ਦੁਸਹਿਰਾ ਭਾਰਤ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ‘ਵਿਜੇ ਦਸਮੀ’ ਜਾਂ ‘ਫਤਿਹ ਦਾ ਦਿਹਾੜਾ’ ਦੇ ਨਾਂ ਨਾਲ ਵੀ ਜਾਣਿਆ ਜਾਣ ਵਾਲਾ ਤਿਉਹਾਰ ਹੈ। ਇਹ ਮਹੀਨਾ ਦੇਸੀ ਮਹੀਨੇ ਅੱਸੂ ਦੇ ਸ਼ੁਕਲ ਪੱਖ ਵਿੱਚ ਦਸਮੀ ਨੂੰ ਮਨਾਇਆ ਜਾਂਦਾ ਹੈ। ਇਹ ਧਾਰਨਾ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸ ਕਰਕੇ ਇਸਨੂੰ ਬੁਰਾਈ ਉੱਤੇ ਸਚਾਈ ਦੀ ਜਿੱਤ ਦੇ ਵਜੋਂ ਮਨਾਇਆ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਇਸ ਦਿਨ ਨੂੰ ਰਾਜੇ-ਮਹਾਰਾਜੇ ਵਿਜੇ ਦਿਵਸ ਦੇ ਤੌਰ ਤੇ ਸ਼ਸਤਰ-ਪੂਜਾ ਦਾ ਆਯੋ-ਜਨ ਕਰਿਆ ਕਰਦੇ ਸਨ। ਇਸ ਦਿਨ ਹਰ ਛੋਟ- ਵੱਡੇ ਕਸਬੇ ਅਤੇ ਸ਼ਹਿਰ ਵਿੱਚ ਦੁਸਹਿਰਾ ਮੇਲਾ ਲੱਗਦਾ ਹੈ। ਇਸ ਵਿੱਚ ਭਗਵਾਨ ਰਾਮ ਚੰਦਰ ਅਤੇ ਰਾਵਣ ਨਾਲ ਸਬੰਧਤ ਝਾਕੀਆਂ ਕੱਢੀਆਂ ਜਾਂਦੀਆਂ ਹਨ। ਮੇਲੇ ਦੇ ਸਥਾਨ ‘ਤੇ ਰਾਵਣ ਦਾ ਵਿਸ਼ਾਲ ਬੁੱਤ ਲਗਾਕੇ ਉਸਨੂੰ ਮੇਲੇ ਦੇ ਸਮਾਪਨ ਸਮੇਂ ਜਲਾਇਆ ਜਾਂਦਾ ਹੈ। ਦੁਸਹਿਰਾ ਭਾਵੇਂ ਹਿੰਦੂਆਂ ਦਾ ਪੂਰੇ ਭਾਰਤ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪਰ ਇਹ ਪੰਜਾਬ ਵਿੱਚ ਦੀਵਾਲੀ ਵਾਂਗ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਰਲ-ਮਿਲਕੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰਾ ਅਕਤੂਬਰ ਮਹੀਨੇ ਦੇ ਅੰਤ ਵਿੱਚ ਜਾਂ ਨਵੰਬਰ ਦੇ ਸੁਰੂ ਵਿੱਚ ਮਨਾਇਆ ਜਾਂਦਾ ਹੈ। ਪਚਾਂਗ ਅਨੁਸਾਰ ਇਹ ਦਿਨ ਹਰ ਸਾਲ ਅਸ਼-ਵਿਨ ਮਹੀਨੇ ਦੇ ਸ਼ੁਕਲ ਪੱਖ ਦੀ 10 ਤਰੀਖ ਨੂੰ ਮਨਾਇਆ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਦੁਸਹਿਰੇ ਦਾ ਮਹੱਤਵਪੂਰਨ ਸਥਾਨ ਹੈ। ਮੂਲ ਰੂਪ ਵਿੱਚ ਭਾਰਤ ਦਾ ਸੱਭਿਆਚਾਰ ਅਤੇ ਸੰਸਕ੍ਰਿਤੀ ਇਤਿਹਾਸਕ ਪੱਖੋਂ ਵੀਰਤਾ ਨਾਲ ਜੁੜੀ ਹੋਈ ਹੈ ਅਤੇ ਇਹ ਸਿੱਧੇ ਤੌਰ ‘ਤੇ ਤਿਉਹਾਰਾਂ ਨਾਲ ਜੁੜੀ ਆ ਰਹੀ ਹੈ, ਜਿਹਨਾਂ ਵਿੱਚੋਂ ਦੁਸਹਿਰਾ ਇੱਕ ਪ੍ਰਮੁੱਖ ਤਿਉਹਾਰ ਹੈ। ਹਿੰਦੂ ਧਰਮ ਨਾਲ ਜੁੜੇ ਲੋਕਾਂ ਦੀ ਆਸਥਾ ਅਨੁਸਾਰ ਇਸ ਦਿਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦਾ ਵਧ ਕੀਤਾ ਸੀ ਅਤੇ ਇਸੇ ਹੀ ਦਿਨ ਦੁਰਗਾ ਮਾਤਾ ਨੇ ਪ੍ਰਗਟ ਹੋ ਕੇ ਅਸੁਰ ਮਹਿਸ਼ਾਸੁਰ ਦਾ ਵਧ ਕੀਤਾ ਸੀ।
ਦੁਸਹਿਰੇ ਤੋਂ ਪਹਿਲਾਂ ਮਾਤਾ ਦੁਰਗਾ ਦੇ 9 ਨਵਰਾਤਰੇ ਆਉਂਦੇ ਹਨ। ਨਵਰਾਤਰਿਆਂ ਦੇ ਇਹਨਾਂ ਦਿਨਾਂ ਨੂੰ ਦੁਰਗਾ ਪੂਜਨ ਦੇ ਦਿਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਨਵਰਾਤਰਿਆਂ ਦੇ ਨੌਂ ਦਿਨ ਹੀ ਹਰੇਕ ਸ਼ਹਿਰ ਅਤੇ ਕਸਬੇ ‘ਚ ਰਾਮ ਲੀਲ੍ਹਾ ਖੇਡ੍ਹੀ ਜਾਂਦੀ ਹੈ, ਜੋ ਕਿ ਦੇਰ ਰਾਤ ਤੱਕ ਚੱਲਦੀ ਰਹਿੰਦੀ ਹੈ। ਇਸ ਰਾਮ ਲੀਲ੍ਹਾ ਵਿੱਚ ਲੋਕ ਭਗਵਾਨ ਰਾਮ ਚੰਦਰ ਦੇ ਬਣਵਾਸ, ਭਰਤ-ਮਿਲਾਪ, ਸੀਤਾ ਹਰਨ ਅਤੇ ਰਾਵਣ ਦੀ ਸੋਨੇ ਦੀ ਲੰਕਾ ਨੂੰ ਹਨੂੰਮਾਨ ਵੱਲੋਂ ਸਾੜਨ ਦੀਆਂ ਝਾਕੀਆਂ ਦਾ ਖ਼ੂਬ ਅਨੰਦ ਮਾਣਦੇ ਹਨ। ਨਵਰਾਤਿਆਂ ਮਗਰੋਂ ਅਗਲੇ 10ਵੇਂ ਦਿਨ ਦੁਸਹਿਰੇ ਦਾ ਤਿਉਹਾਰ ਆਉਂਦਾ ਹੈ। ਕਹਿੰਦੇ ਹਨ ਕਿ 9 ਨਵਰਾਤਰੇ ਪੂਜਨ ਕਰਕੇ ਭਗਵਾਨ ਰਾਮ ਨੇ ਰਾਵਣ ਨੂੰ ਮਾਰਨ ਦੀ ਸ਼ਕਤੀ ਪ੍ਰਾਪਤ ਹੋਈ ਸੀ। ਇਸੇ ਕਰਕੇ ਪੁਰਾਤਨ ਕਾਲ ਤੋਂ ਹੀ ਇਸ ਦਿਨ ਸ਼ਸਤਰ ਪੂਜਾ ਕੀਤੀ ਜਾਂਦੀ ਹੋਣ ਕਰਕੇ ਇਹ ਤਿਉਹਾਰ “ਵਿਜਯ ਦਸਮੀ” ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ 10 ਪਾਪਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਿੰਸਾ, ਮਤਸਰ, ਮਦ, ਆਲਸ ਅਤੇ ਚੋਰੀ ਜਿਹੇ ਵਿਕਾਰਾਂ ਦਾ ਪੂਰਨ ਤੌਰ ਤੇ ਤਿਆਗ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਦਸਮੀ ਦੇ ਦਿਨ ਦੁਸਹਿਰਾ ਕਿਸੇ ਖੁੱਲ੍ਹੀ ਥਾਂ ਗਰਾਊਂਡ ਜਾਂ ਮੈਦਾਨ ਵਿੱਚ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਸ ਸਿਰਾਂ ਵਾਲਾ ਬਹੁਤ ਵੱਡਾ ਬੁੱਤ ਲਗਾਇਆ ਜਾਂਦਾ ਹੈ। ਰਾਵਣ ਦੇ ਬੁੱਤ ਦੇ ਨਾਲ ਹੀ ਸੱਜੇ ਅਤੇ ਖੱਬੇ ਪਾਸੇ ਮੇਘਰਾਜ ਅਤੇ ਕੁੰਭਕਰਨ ਦੇ ਵੀ ਬੁੱਤ ਲਗਾਏ ਜਾਂਦੇ ਹਨ। ਇਹਨਾਂ ਬੁੱਤਾਂ ਨੂੰ ਅੰਦਰੋਂ ਪਟਾਕਿਆਂ ਨਾਲ ਭਰਿਆ ਹੋਇਆ ਹੁੰਦਾ ਹੈ। ਇਹਨਾਂ ਬੁੱਤਾਂ ਤੋਂ ਕੁਝ ਦੂਰ ਹਟਵੀਆਂ ਦੁਕਾਨਾਂ ਸਜਾਈਆਂ ਹੁੰਦੀਆਂ ਹਨ ਅਤੇ ਇਸ ਦੁਸਹਿਰੇ ਦੇ ਮੇਲੇ ਦਾ ਅਨੰਦ ਮਾਨਣ ਲਈ ਇਲਾਕੇ ਦੇ ਲੋਕ ਸਜ-ਧਜਕੇ ਆਉਂਦੇ ਹਨ। ਇਸ ਸਮੇਂ ਰਥਾਂ ਵਿੱਚ ਭਗਵਾਨ ਰਾਮ ਜੀ ਅਤੇ ਸੈਨਾ ਝਾਕੀਆਂ ਦੇ ਰੂਪ ਵਿੱਚ ਬੁੱਤਾਂ ਦੇਆਲੇ ਗੇੜਾ ਕੱਢਦੀ ਹੈ ਅਤੇ ਆਲੇ-ਦੁਆਲੇ ਖੜ੍ਹੇ ਲੋਕ ਇਹਨਾਂ ਝਾਕੀਆਂ ਦਾ ਖ਼ੂਬ ਉਤਸੁਕਤਾ ਨਾਲ ਅਨੰਦ ਮਾਣਦੇ ਹਨ। ਅੰਤ ਭਗਵਾਨ ਰਾਮ ਚੰਦਰ ਦੀ ਝਾਕੀਆਂ ਵਾਲੀ ਸੈਨਾ ਸਟੇਜ ਉੱਤੇ ਜਾ ਕੇ ਲੰਕਾਪਤੀ ਰਾਵਣ ਨਾਲ ਯੁੱਧ ਦੇ ਦ੍ਰਿਸ਼ ਪੇਸ਼ ਕਰਦੇ ਹਨ। ਇਸ ਯੁੱਧ ਦੀਆਂ ਝਾਕੀਆਂ ਵਿੱਚ ਸ਼੍ਰੀ ਰਾਮ ਚੰਦਰ ਵੱਲੋਂ ਰਾਵਣ ਨੂੰ ਤੀਰਾਂ ਨਾਲ ਮਾਰ-ਮੁਕਾ ਦਿੱਤਾ ਜਾਂਦਾ ਹੈ ਅਤੇ ਉਸਦੀ ਸਾਰੀ ਸੈਨਾ ਨੂੰ ਵੀ ਮਾਰ ਦੇਣ ਦੇ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ। ਸੂਰਜ ਛਿਪਣ ਪਿੱਛੋਂ ਹਨ੍ਹੇਰਾ ਹੋਣ ਤੇ ਪਹਿਲਾਂ ਰਾਵਣ ਅਤੇ ਫਿਰ ਮੇਘਰਾਜ ਅਤੇ ਕੁੰਭ-ਕਰਨ ਦੇ ਬੁੱਤਾਂ ਨੂੰ ਰਾਮ ਚੰਦਰ ਅਤੇ ਉਸਦੀ ਸੈਨਾ ਤੀਰ ਮਾਰ ਕੇ ਅੱਗ ਲਗਾ ਦਿੰਦੇ ਹਨ। ਬੁੱਤਾਂ ਅੰਦਰ ਰੱਖੇ ਪਟਾਕੇ ਅੱਗ ਲੱਗਣ ਨਾਲ ਉੱਚੀ ਅਵਾਜ਼ ਨਾਲ ਠਾਹ-ਠਾਹ ਕਰਕੇ ਵੱਜਦੇ ਹਨ ਅਤੇ ਅਸਮਾਨ ਧੂੰਏ ਨਾਲ ਭਰ ਜਾਂਦਾ ਹੈ। ਇਸ ਤਰਾਂ ਲੋਕ ਦੁਸਹਿਰੇ ਦੇ ਤਿਉਹਾਰ ਦਾ ਅਨੰਦ ਮਾਣਦੇ ਹੋਏ ਆਪੋ-ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ।
ਵਰਤਮਾਨ ਸਮੇਂ ਦੁਸਹਿਰੇ ਦਾ ਮਹੱਤਵ : ਇਹ ਤਿਉਹਾਰ ਜਿੱਥੇ ਸਾਨੂੰ ਆਣੇ ਦੇਸ਼, ਕੌਮ, ਸਮਾਜ ਅਤੇ ਇਨਸਾਨੀਅਤ ਨਾਲ ਪਿਆਰ ਕਰਨ ਅਤੇ ਕਰਤੱਵਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੰਦਾ ਹੈ, ਉੱਥੇ ਹੀ ਸਾਨੂੰ ਧਰਮੀ, ਗਿਆਨੀ ਅਤੇ ਸੱਚ ਪ੍ਰਤੀ ਨਿਸ਼ਠਾਵਾਨ ਹੋਣ ਦਾ ਸੁਨੇਹਾ ਵੀ ਦਿੰਦਾ ਹੈ। ਦੁਸਹਿਰੇ ਦੇ ਤਿਉਹਾਰ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਗਿਆਨ ਅਤੇ ਸ਼ਕਤੀ ਦਾ ਹੰਕਾਰ ਮਨੁੱਖ ਦੇ ਪਤਨ ਦਾ ਕਾਰਨ ਬਣਦਾ ਹੈ। ਇਹ ਤਿਉਹਾਰ ਅਜੋਕੇ ਦੌਰ ਵਿੱਚ ਔਰਤਾਂ ਉੱਤੇ ਹੋ ਰਹੇ ਜ਼ੁਲਮ ਅਤੇ ਜਿਆਦਤੀਆਂ ਦੇ ਜਿੰਮੇਵਾਰ ਅੱਜ ਦੇ ਰਾਵਣਾਂ ਦੇ ਖਾਤਮੇ ਦੇ ਪ੍ਰਣ ਕਰਨ ਦੀ ਮੰਗ ਕਰਨ ਦਾ ਮੁੱਖ ਸੁਨੇਹਾ ਦਿੰਦਾ ਹੈ। ਇਸ ਵੇਲੇ ਅਤੀ ਲੋੜੀਂਦਾ ਇਹ ਪ੍ਰਣ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰਨ ਵਿੱਚ ਸਹਾਈ ਹੋ ਸਕਦਾ ਹੈ।