ਦੇਸ਼ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਡੀ ਸਮੁੱਚੀ “ਪੰਜਾਬ ਇਮੇਜ” ਟੀਮ ਵਲੋਂ ਪੋਹ ਮਹੀਨੇ ਦੀ ਸੰਗਰਾਂਦ ਨੂੰ ਵਾਹਿਗੁਰੂ ਅੱਗੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਦੁਆ ਕਰਦੇ ਹਾਂ ਕਿ ਉਹ ਆਪ ਸਭ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ । ਆਓ ਅੱਜ ਅਸੀਂ ਸਭ ਮਿਲਕੇ ਸਾਨੂੰ ਸਾਡੇ ਗੁਰੂਆਂ ਵਲੋਂ ਬਖਸ਼ੀ ਬੇਸ਼ੁਮਾਰ ਅਮੋਲਕ, “ਸਰਬੱਤ ਦੇ ਭਲੇ” ਦੀ ਦਾਤ ‘ਤੇ ਪਹਿਰਾ ਦਿੰਦੇ ਹੋਏ, ਵਿਸ਼ਵ ਵਿੱਚ ਵਸਦੇ ਸਮੂਹ ਜੀਵਤ ਪਸ਼ੂ, ਪੰਛੀਆਂ ਅਤੇ ਮਾਨਵ ਪ੍ਰਾਣੀਆਂ ਦੀ ਸਲਾਮਤੀ ਲਈ ਦੁਆ ਕਰੀਏ । ਕਿਉਂਕਿ ਸਿੱਖ ਧਰਮ ਵਿੱਚ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਪੋਹ ਦਾ ਮਹੀਨਾ ਪ੍ਰਭੂ ਦੀ ਬੰਦਗੀ ਕਰਕੇ ਪ੍ਰਭੂ ਨੂੰ ਯਾਦ ਕਰਨ ਵਾਲਾ ਮਹੀਨਾ ਮੰਨਿਆ ਜਾਂਦਾ ਹੈ। ਪੋਹ ਦਾ ਮਹੀਨਾ ਦੇਸੀ ਮਹੀਨਿਆਂ ਵਿੱਚ ਸਾਲ ਦੇ ਦਸਵੇਂ ਮਹੀਨੇ ਵਜੋਂ ਜਾਣਿਆ ਜਾਂਦਾ ਹੈ । ਇਹ ਮਹੀਨਾ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਅਰਥਾਤ ਅੰਗਰੇਜੀ ਮਹੀਨਿਆਂ ਦੇ ਦਸੰਬਰ ਅਤੇ ਜਨਵਰੀ ਦੇ ਐਨ ਵਿਚਕਾਰ ਆਉਂਦਾ ਹੈ । ਪੋਹ ਦੇ ਮਹੀਨੇ ਵਿੱਚ 30 ਦਿਨ ਹੁੰਦੇ ਹਨ। ਭਾਵੇਂ ਇਸ ਮਹੀਨੇ ਸਬੰਧੀ ਭਾਰਤ ਵਿੱਚ ਸੂਰਜ ਦੇਵਤਾ ਦੇ ਰੱਥ ਨੂੰ ਖਿੱਚ ਰਹੇ ਸੱਤ ਘੋੜਿਆਂ ਨਾਲ ਪ੍ਰਚੱਲਿਤ ਪੌਰਾਣਿਕ ਗਾਥਾ ਜੁੜੀ ਹੋਈ ਹੈ । ਪਰ ਪੋਹ ਮਹੀਨੇ ਨੂੰ ਸਿੱਖ ਧਰਮ ਵਿੱਚ ਕੌਮ ਦੀਆਂ ਸ਼ਹਾਦਤਾਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ । ਪੋਹ ਦੇ ਮਹੀਨੇ ਨਾਲ ਜੁੜੀ ਹੋਈ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਗਾਥਾ ਇੰਨੀ ਲੰਮੀ ਹੈ ਕਿ ਸਾਲ ਦਾ ਹਰ ਇੱਕ ਮਹੀਨਾ ਕੀ, ਹਰ ਇੱਕ ਦਿਨ ਕੀ, ਪਲ-ਪਲ ਆਪਾ ਵਾਰਨ ਵਾਲੇ ਮਾਣਮੱਤੇ ਇਤਿਹਾਸ ਨਾਲ ਭਰਿਆ ਪਿਆ ਹੈ । ਜੇਕਰ ਇਹ ਆਖ ਲਿਆ ਜਾਵੇ ਕਿ ਸਿੱਖ ਇਤਿਹਾਸ “ਖੰਡੇ ਦੀ ਧਾਰ” ‘ਤੇ ਲਿਖਿਆ ਗਿਆ ਹੈ, ਇਸ ਵਿੱਚ ਅੱਤਕਥਨੀ ਨਹੀ ਹੋਵੇਗੀ । ਸਿੱਖ ਕੌਮ ਵਿੱਚ ਸੀਸ ਤਲੀ ‘ਤੇ ਟਿਕਾ ਕੇ ਤੁਰਨ ਵਾਲੇ ਮਨੁਖ ਨੂੰ ਹੀ ਸਿੱਖੀ ਦੇ ਸਿਧਾਂਤ ਦਾ ਸੱਚਾ ਅਤੇ ਅਸਲੀ ਪਾਂਧੀ ਮੰਨਿਆ ਜਾਂਦਾ ਹੈ । ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ ਸਿੱਖਾਂ ਦੇ ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਦੇ ਦਿਵਸ ਨਾਲ ਜੋੜਕੇ ਮਨਾਇਆ ਜਾਂਦਾ ਹੈ । ਪੋਹ ਦੇ ਚੰਦਰੇ ਮਹੀਨੇ ਹੀ ਦਸਮੇਸ਼ ਪਿਤਾ ਜੀ ਨੇ ਅਨੰਦਪੁਰ ਦਾ ਕਿਲਾ ਛੱਡਕੇ ਆਪਣੇ ਪ੍ਰੀਵਾਰ ਦੀ ਇੱਕ ਇੱਕ ਰੂਹ ਨੂੰ ਜਬਰ ਅਤੇ ਜੁਲਮ ਦੀ ਅੱਗ ਵੱਲ ਖੁਸ਼ੀ ਖੁਸ਼ੀ ਘੱਲਿਆ ਸੀ। ਪੋਹ ਦੇ ਮਹੀਨੇ ਗੁਰੂ ਜੀ ਨੇ ਸਰਸਾ ਨਦੀ ਦੇ ਕੰਢੇ ਆਪਣੇ ਪ੍ਰੀਵਾਰ ਤੋਂ ਵਿਛੋੜਾ ਲਿਆ, ਪੋਹ ਦੇ ਕੁਲਹਿਣੇ ਅਭਾਗੇ ਦਿਨ ਹੀ ਚਮਕੌਰ ਅਤੇ ਸਰਹਿੰਦ ਦੇ ਖੂਨੀ ਸਾਕੇ ਵਾਪਰੇ, ਪੋਹ ਦੇ ਮਹੀਨੇ ਹੀ ਗੁਰੂ ਜੀ ਨੇ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਵਿੱਚ ਇਕੱਲਿਆਂ ਠੰਢੀਆਂ ਰਾਤਾਂ ਗੁਜਾਰੀਆਂ, ਅਤੇ ਪੋਹ ਦੇ ਮਹੀਨੇ ਹੀ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਖਦਰਾਣੇ ਦੀ ਢਾਬ ਦੇ ਚਾਲੀ ਮੁਕਤਿਆਂ ਦੇ ਬੇਦਾਵੇ ਦੀ ਗੁਰੂ ਜੀ ਵਲੋਂ ਦਿੱਤੀ ਮੁਕਤੀ ਨੂੰ ਯਾਦ ਕੀਤਾ ਜਾਂਦਾ ਹੈ । ਇਸ ਤਰਾਂ ਪੋਹ ਦੇ ਮਹੀਨੇ ਹਰ ਦਿਨ ਸਿੱਖਾਂ ਵਲੋਂ ਧਾਰਮਿਕ ਦਿਵਸਾਂ ਵਜੋਂ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ । ਇਸੇ ਲਈ ਪੋਹ ਦਾ ਮਹੀਨਾ ਆਪਣੇ ਅੰਦਰ ਸਿੱਖ ਧਰਮ ਦੀਆਂ ਅਨੇਕਾਂ ਯਾਦਾਂ ਸਮੋਈ ਬੈਠਾ ਹੈ । ਪੋਹ ਦਾ ਮਹੀਨਾ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਲਿਖਿਆ ਹੋਇਆ ਸਿੱਖ ਕੌਮ ਦੀਆਂ ਕੁਰਬਾਨੀਆਂ ਨਾਲ ਰਚਿਆ ਗਿਆ ਮਹੀਨਾ ਹੈ, ਜੋ ਕਿ ਸਿੱਖਾਂ ਵਲੋਂ ਪੂਰਾ ਮਹੀਨਾ ਸ਼ਰਧਾ ਅਤੇ ਜਲੌਅ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ “ਸਰਬੰਸ ਦਾਨੀ” ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ ਸੀ । ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜਾਦੇ, ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਚਮਕੌਰ ਦੀ ਗੜ੍ਹੀ ਵਿੱਚ 8 ਪੋਹ ਨੂੰ ਮੁਗਲਾਂ ਨਾਲ ਲੋਹਾ ਲੈਂਦਿਆਂ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ । ਇਸੇ ਮਹੀਨੇ 13 ਪੋਹ ਨੂੰ ਸਰਹਿੰਦ ਵਿੱਚ ਆਪਣੀ ਦਾਦੀ ਮਾਤਾ ਗੁੱਜਰੀ ਜੀ ਦੀ ਨਿੱਘੀ ਗੋਦ ਵਿੱਚੋਂ ਨੰਨ੍ਹੇ ਪੋਤਿਆਂ, ਸਾਹਿਬਜਾਦਾ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਜਾਲਮ ਮੁਗਲ ਆਪਣੇ ਆਕਾ ਦੀ ਕਚਿਹਰੀ ਵਿੱਚ ਪੇਸ਼ ਕਰਨ ਲਈ ਲੈ ਗਏ ਅਤੇ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ । ਮਾਤਾ ਗੁੱਜਰੀ ਜੀ ਨਿੱਕੀਆਂ ਜਿੰਦਾਂ ਦੀ ਸ਼ਹੀਦੀ ਦੀ ਖਬਰ ਸੁਣਕੇ ਉਸੇ ਸਮੇ ਆਪਣੇ ਸਵਾਸ ਤਿਆਗ ਗਏ । ਗੁਰੂ ਜੀ ਦੇ ਪ੍ਰੀਵਾਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸਰਹਿੰਦ ਵਿਖੇ ਪੋਹ ਦੇ ਪੂਰੇ ਮਹੀਨੇ ਜੋੜ ਮੇਲੇ ਲੱਗਦੇ ਹਨ । ਜਿੱਥੇ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁੱਜਰੀ ਜੀ ਦੇ ਪੋਤਿਆਂ ਦੇ ਗਮ ਵਿੱਚ ਪ੍ਰਾਣ ਤਿਆਗ ਦੇਣ ਕਰਕੇ ਪੋਹ ਦਾ ਸਾਰਾ ਮਹੀਨਾ ਉੱਨ੍ਹਾਂ ਦੀ ਯਾਦ ਵਿੱਚ ਸੋਗ ਵਜੋਂ ਮਨਾਇਆ ਜਾਂਦਾ ਹੈ, ਉੱਥੇ ਹੀ 23 ਪੋਹ ਸਾਹਿਬਜਾਦਿਆਂ ਦੇ ਪਿਤਾ ਅਤੇ ਮਾਤਾ ਗੁੱਜਰੀ ਜੀ ਦੇ ਸਰਬੰਸ-ਦਾਨੀ ਪੁੱਤਰ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਵਜੋਂ ਪੂਰੇ ਵਿਸ਼ਵ ਵਿੱਚ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਲਈ ਪੋਹ ਦਾ ਮਹੀਨਾ ਸਿੱਖ ਕੌਮ ਵੱਲੋਂ ਆਪਣੇ ਵਡੇਰਿਆਂ ਅਤੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਮਨਾਇਆ ਜਾਣ ਵਾਲਾ ਮਹੀਨਾ ਹੈ ।
ਬਲਜਿੰਦਰ ਭਨੋਹੜ ।