ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਵੱਖ ਵੱਖ ਰਾਜਨੀਤਿਕ, ਧਾਰਮਿਕ ਆਗੂਆਂ ਦਿੱਤੀ ਸਰਧਾਂਜਲੀ

ਬਾਦਲ, 27 ਅਪ੍ਰੈਲ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਥਾਂ ਦੀ ਘਾਟ ਕਾਰਨ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਦਿੱਤੀ। ਇਸ ਤੋਂ ਪਹਿਲਾਂ ਜੱਦੀ ਘਰ ਤੋਂ ਸ਼ੁਰੂ ਹੋ ਕੇ ਸਸਕਾਰ ਵਾਲੀ ਥਾਂ ਤੱਕ ਅੰਤਿਮ ਯਾਤਰਾ ਸ਼ੁਰੂ ਹੋਈ। ਉਨ੍ਹਾਂ ਦੀ ਅਰਥੀ ਨੂੰ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਤੇ ਪੋਤੇ ਅਨੰਤਵੀਰ ਨੇ ਮੋਢਾ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਦੀਵੀ ਵਿਛੋੜੇ ਨੂੰ ਲੈ ਕੇ ਅੱਜ ਵੀ ਸਮੁੱਚਾ ਪਿੰਡ ਬਾਦਲ ਹੀ ਨਹੀਂ ਬਲਕਿ ਇਲਾਕੇ ਭਰ ਵਿੱਚ ਸ਼ੋਕ ਪਸਰਿਆ ਰਿਹਾ। ਪ੍ਰਕਾਸ਼ ਸਿੰਘ ਬਾਦਲ ਨੇ 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ਼ ਹਸਪਤਾਲ ਵਿੱਚ ਸ਼ਾਮ ਕਰੀਬ 8 ਵਜੇ ਆਖਰੀ ਸਾਹ ਲਏ। ਬੀਤੇ ਕੱਲ੍ਹ ਸੰਗਤਾਂ ਦੇ ਦਰਸ਼ਨਾਂ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਦਫ਼ਤਰ ਵਿੱਚ ਮ੍ਰਿਤਕ ਸਰੀਰ ਰੱਖਿਆ ਗਿਆ ਸੀ।ਅੱਜ ਵੱਡੀ ਗਿਣਤੀ ਲੋਕ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਪਹੁੰਚੇ। ਵੱਖ ਵੱਖ ਰਾਜਨੀਤਿਕ, ਧਾਰਮਿਕ ਲੋਕਾਂ ਨੇ ਪਹੁੰਚਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਅਮਨ ਅਰੋੜਾ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ,ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਐਨਸੀਪੀ ਮੁਖੀ ਸ਼ਰਦ ਪਵਾਰ, ਦੁਧਯੰਤ ਚੌਟਾਲਾ ਤੋਂ ਇਲਾਵਾ ਰਾਜਸੀ ਤੇ ਧਾਰਮਿਕ ਆਗੂ ਵੱਡੀ ਗਿਣਤੀ ‘ਚ ਇੱਥੇ ਦੁੱਖ ਪ੍ਰਗਟ ਕਰਨ ਪੁੱਜੇ।

01