
- ਸਿੱਖਿਆ ਤੋਂ ਬਿਨਾਂ ਕੋਈ ਦੇਸ਼ ਜਾਂ ਕੌਮ ਤਰੱਕੀ ਨਹੀਂ ਕਰ ਸਕਦੀ- ਧਾਲੀਵਾਲ
ਅੰਮ੍ਰਿਤਸਰ, 22 ਅਪ੍ਰੈਲ 2025 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਵਿੱਚ 97 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦੇ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਲ ਕੇਵਲ ਤੁਹਾਡੇ ਪਰਿਵਾਰ ਹੀ ਨਹੀਂ, ਬਲਕਿ ਦੇਸ਼ ਦੀ ਵੀ ਤਕਦੀਰ ਬਦਲੇਗੀ । ਉਹਨਾਂ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੈਂਸਰਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਸੈਂਸਰਾ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਮਹਿਲਾਂਵਾਲਾ, ਸਰਕਾਰੀ ਹਾਈ ਸਕੂਲ ਮਹਿਲਾਂਵਾਲਾ, ਸਰਕਾਰੀ ਹਾਈ ਸਕੂਲ ਭੱਲਾ ਪਿੰਡ, ਸਰਕਾਰੀ ਪ੍ਰਾਇਮਰੀ ਸਕੂਲ ਭੱਲਾ ਪਿੰਡ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੁਧਰਾਏ ਵਿੱਚ ਵੱਖ-ਵੱਖ ਵਿਕਾਸ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ । ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਹੋਏ ਸਾਰੇ ਕੰਮ ਵੇਖ ਕੇ ਮਨ ਖੁਸ਼ ਹੋਇਆ ਹੈ ਕਿ ਅਧਿਆਪਕਾਂ ਨੇ ਪੈਸਾ ਬਹੁਤ ਸਮਝ ਨਾਲ ਵਰਤਿਆ ਹੈ। ਉਹਨਾਂ ਕਿਹਾ ਕਿ ਸ ਭਗਵੰਤ ਮਾਨ ਦੀ ਸਰਕਾਰ ਦਾ ਮੰਨਣਾ ਹੈ ਕਿ ਸਿੱਖਿਆ ਤੋਂ ਬਿਨਾਂ ਕੋਈ ਵੀ ਦੇਸ਼ ਜਾਂ ਕੌਮ ਤਰੱਕੀ ਨਹੀਂ ਕਰ ਸਕਦੀ, ਇਸ ਲਈ ਸਿੱਖਿਆ ਢਾਂਚੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦੀ ਇਸ ਵੇਲੇ ਮੁੱਖ ਤਰਜੀਹ ਸਿਹਤ ਦੇ ਨਾਲ ਨਾਲ ਸਕੂਲਾਂ ਦੀ ਕਾਇਆ ਕਲਪ ਕਰਨੀ, ਪਿੰਡਾਂ ਵਿੱਚ ਸਟੇਡੀਅਮ ਬਣਾਉਣੇ ਅਤੇ ਛੱਪੜਾ ਨੂੰ ਥਾਪਰ ਤੇ ਸੀਚੇਵਾਲ ਮਾਡਲ ਵਜੋਂ ਵਿਕਸਿਤ ਕਰਨਾ ਹੈ, ਤਾਂ ਜੋ ਪਿੰਡਾਂ ਦੇ ਵਿੱਚ ਸਾਫ ਸਫਾਈ ਵਰਗੀਆ ਮੁਢਲੀਆਂ ਸਹੂਲਤਾਂ ਸ਼ੁਰੂ ਕੀਤੀਆਂ ਜਾਣ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਅਗਲੇ ਦੋ ਸਾਲ ਵੀ ਇਸੇ ਤਰਜੀਹ ਉੱਤੇ ਰਹੇਗੀ ਅਤੇ ਪੰਜਾਬ ਦਾ ਪੈਸਾ ਪੈਸਾ ਲੋਕਾਂ ਉੱਤੇ ਖਰਚ ਕੀਤਾ ਜਾਵੇਗਾ।