ਗ੍ਰਾਮ ਪੰਚਾਇਤਾਂ ਨੂੰ ਪ੍ਰਾਪਤ ਹੋਏ 121 ਕਰੋੜ ਰੁਪਏ ਦੇ ਗਬਨ ਕਰਨ ਦੇ ਮਾਮਲੇ ‘ਚ ਤਿੰਨ ਪੰਚਾਇਤ ਅਫ਼ਸਰ ਮੁਅੱਤਲ

ਚੰਡੀਗੜ੍ਹ, 22 ਅਪ੍ਰੈਲ 2025 : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਲੁਧਿਆਣਾ ਬਲਾਕ-2, ਲਗਭਗ 20 ਮਹੀਨੇ ਪਹਿਲਾਂ, 121 ਕਰੋੜ ਰੁਪਏ ਦੇ ਬਹੁਤ ਚਰਚਿਤ ਕਥਿਤ ਘਪਲੇ ਦੇ ਮਾਮਲੇ ਦਾ ਸਾਹਮਣਾ ਕਰ ਰਹੇ 3 ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ ਹੈ। ਵਿਭਾਗ ਦੇ ਪ੍ਰਬੰਧਕ ਸਕੱਤਰ ਵਲੋਂ ਮਾਮਲੇ ਸਬੰਧੀ ਜਾਰੀ ਪੱਤਰ ’ਚ  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਲੁਧਿਆਣਾ ਦੇ ਬਲਾਕ-2 ’ਚ ਤਾਇਨਾਤ ਰਹੇ ਬੀਡੀਪੀਓ ਰੁਪਿੰਦਰਜੀਤ ਕੌਰ, ਸਿਮਰਤ ਕੌਰ ਅਤੇ ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਵੇਲੇ ਰੁਪਿੰਦਰਜੀਤ ਕੌਰ ਬੀਡੀਪੀਓ ਨਿਹਾਲ ਸਿੰਘ ਵਾਲਾ, ਸਿਮਰਤ ਕੌਰ ਬੀਡੀਪੀਓ ਭੋਗਪੁਰ ਤੇ ਗੁਰਪ੍ਰੀਤ ਸਿੰਘ ਮਾਂਗਟ ਡੇਰਾਬਸੀ ਤਾਇਨਾਤ ਹਨ। ਉਕਤ ਮਾਮਲੇ ’ਚ ਜਾਂਚ ਅਧਿਕਾਰੀ ਨਵਨੀਤ ਕੌਰ ਨੇ ਕਈ ਪੰਚਾਇਤ ਸਕੱਤਰਾਂ ਅਤੇ ਸਰਪੰਚਾਂ ਸਮੇਤ ਅੱਧਾ ਦਰਜਨ ਦੇ ਕਰੀਬ ਬੀਡੀਪੀਓਜ਼ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਵਿਰੁੱਧ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ 121 ਕਰੋੜ ਰੁਪਏ ਦੇ ਘਪਲੇ ਵਰਗੇ ਗੰਭੀਰ ਦੋਸ਼ ਤੈਅ ਕੀਤੇ ਸਨ।