ਸੂਬੇ ‘ਚ ਕੱਲ੍ਹ ਤੋਂ ਵਧੇਗਾ ਗਰਮੀ ਦਾ ਕਹਿਰ, ਮੌਸਮ ਵਿਭਾਗ ਵੱਲੋਂ ਹੀਟਵੇਵ ਨੂੰ ਲੈਕੇ ਅਲਰਟ ਜਾਰੀ

ਚੰਡੀਗੜ੍ਹ, 22 ਅਪ੍ਰੈਲ 2025 : ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਹੁਣ ਪੱਛਮੀ ਗੜਬੜੀ ਦਾ ਪ੍ਰਭਾਵ ਜੋ ਕੁਝ ਦਿਨਾਂ ਤੋਂ ਸਰਗਰਮ ਸੀ, ਹੁਣ ਖਤਮ ਹੋ ਗਿਆ ਹੈ। ਜਿਸ ਕਾਰਨ ਹੁਣ ਤਾਪਮਾਨ ਫਿਰ ਤੋਂ ਵਧਣ ਲੱਗ ਪਿਆ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ। ਇਸ ਵੇਲੇ ਰਾਜ ਵਿੱਚ ਤਾਪਮਾਨ ਆਮ ਨਾਲੋਂ ਲਗਭਗ 2 ਡਿਗਰੀ ਵੱਧ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਬੁੱਧਵਾਰ ਤੋਂ ਪੰਜਾਬ ਵਿੱਚ ਪਾਰਾ ਵੱਧਣਾ ਸ਼ੁਰੂ ਹੋ ਜਾਵੇਗਾ। ਤਿੰਨ ਦਿਨਾਂ ਲਈ ਹੀਟਵੇਵ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 23 ਤੋਂ 25 ਅਪ੍ਰੈਲ ਤੱਕ ਪੰਜਾਬ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਸਦਾ ਜ਼ਿਆਦਾ ਪ੍ਰਭਾਵ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ। 23 ਅਪ੍ਰੈਲ ਦੀ ਗੱਲ ਕਰੀਏ ਤਾਂ ਇਹ ਅਲਰਟ ਸੂਬੇ ਦੇ ਮਾਲਵੇ ਦੇ 8 ਜ਼ਿਲ੍ਹਿਆਂ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਜਾਰੀ ਕੀਤਾ ਗਿਆ ਹੈ।