ਪੰਜਾਬ ’ਚ ਪੂਰਨ ਅਮਨ ਸ਼ਾਂਤੀ ਪਰ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ, 14 ਅਪ੍ਰੈਲ : ਪੰਜਾਬ ਵਿਚ ਪੂਰਨ ਅਮਨ ਸ਼ਾਂਤੀ ਹੈ ਪਰ ਇਸਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਇਸਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਹਾਲਾਤ ਖਰਾਬ ਉਦੋਂ ਹੁੰਦੇ ਹਨ ਜਦੋਂ ਦੋ ਭਾਈਚਾਰਿਆਂ ਵਿਚ ਟਕਰਾਅ ਹੋਵੇ। ਉਹਨਾਂ ਕਿਹਾ ਕਿ ਉਦੋਂ ਵੀ ਟਕਰਾਅ ਹੁੰਦਾ ਹੈ ਜਦੋਂ ਲੋਕਾਂ ਦਾ ਕਿਸੇ ਮੁੱਦੇ ਨੂੰ ਲੈ ਕੇ ਸਰਕਾਰ ਨਾਲ ਟਕਰਾਅ ਹੋ ਜਾਵੇ, ਗੋਲੀਆਂ ਚੱਲ ਜਾਣ ਤੇ ਖੂਨ ਖਰਾਬ ਹੋ ਜਾਵੇ ਪਰ ਪੰਜਾਬ ਵਿਚ ਅਜਿਹਾ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਨਾ ਤਾਂ ਦੋ ਭਾਈਚਾਰਿਆਂ ਵਿਚ ਕੋਈ ਟਕਰਾਅ ਹੈ ਤੇ ਨਾ ਹੀ ਸਰਕਾਰ ਨਾਲ ਕੋਈ ਅਜਿਹਾ ਟਕਰਾਅ ਹੋਇਆ ਹੈ ਪਰ ਇਸਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਜਿਥੇ ਹੋਰ ਰਾਜਾਂ ਵਿਚ ਦੰਗੇ ਫਸਾਦ ਹੋਏ ਹਨ ਤੇ ਦੋ ਫਿਰਕਿਆਂ ਵਿਚ ਟਕਰਾਅ ਹੋਏ ਹਨ, ਉਹਨਾਂ ਨੂੰ ਛੱਡ ਕੇ ਪੰਜਾਬ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।