ਲੁਧਿਆਣਾ ਵਿਖੇ ਹਫਤਾਵਾਰੀ ਜੈਵਿਕ ਮੰਡੀ ਦੀ ਸ਼ੁਰੂਆਤ

  • ਜੈਵਿਕ ਮੰਡੀ ਦਾ ਉਦਘਾਟਨ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਚੇਅਰਮੈਨ ਮੰਗਲ ਸਿੰਘ ਬਾਸੀ ਅਤੇ ਅਮਨਦੀਪ ਸਿੰਘ ਮੋਹੀ ਨੇ ਸਾਂਝੇ ਤੌਰ ਤੇ ਕੀਤਾ

ਲੁਧਿਆਣਾ, 16 ਨਵੰਬਰ 2024 : ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਾਂਝੇ ਉੱਦਮ ਸਦਕਾ ਲੁਧਿਆਣਾ ਵਿਖੇ ਹਫਤਾਵਾਰੀ ਜੈਵਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਰਸਮੀ ਉਦਘਾਟਨ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਸ੍ਰੀ ਮੰਗਲ ਸਿੰਘ ਬਾਸੀ ਅਤੇ ਮਾਰਕਫੈਡ ਦੇ ਚੇਅਰਮੈਨ ਸ੍ਰੀ ਅਮਨਦੀਪ ਸਿੰਘ ਮੋਹੀ ਨੇ ਸਾਂਝੇ ਤੌਰ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਮੈਡਮ ਕਿ੍ਤਿਕਾ ਗੋਇਲ ਅਤੇ ਖੇਤੀਬਾੜੀ ਮੰਡੀਕਰਨ ਅਫਸਰ ਅਤੇ ਜਿਲ੍ਹਾ ਸੁਪਰਵਾਈਜਰ ਪੰਜਾਬ ਐਗਰੋ ਡਾ. ਮਨਮੀਤ ਮਾਨਵ ਵੀ ਮੌਜੂਦ ਸਨ। ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਆਮ ਲੋਕਾਂ ਅਤੇ ਕਿਸਾਨਾਂ ਵਲੋ ਜੈਵਿਕ ਖਾਦਾਂ ਅਤੇ ਕੀਟਨਾਸ਼ਕ ਮੁਕਤ ਖੇਤੀ ਵੱਲ ਕਾਫੀ ਰੁਚੀ ਦਿਖਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਲੀਤ ਹੋ ਰਹੇ ਕੁਦਰਤੀ ਸੋਮਿਆਂ ਅਤੇ ਲੋੜੋਂ ਵੱਧ ਜਹਿਰਾਂ ਦੀ ਵਰਤੋਂ ਨਾਲ ਵਾਤਾਵਰਨ ਅਤੇ ਮਨੁੱਖਾਂ ਉੱਤੇ ਅਸਰ ਜ਼ਹਿਰ ਮੁਕਤ ਉਤਪਾਦਾਂ ਅਤੇ ਤਾਜ਼ੀਆਂ ਫਲ-ਸਬਜੀਆਂ ਖਾ ਕੇ ਹੀ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸੇ ਨੂੰ ਧਿਆਨ ਚ ਰੱਖਦੇ ਹੋਇਆ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਸਾਂਝੇ ਉੱਦਮ ਸਦਕਾ ਲੁਧਿਆਣਾ ਵਿਖੇ ਹਫਤਾਵਾਰੀ ਜੈਵਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ। ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਸ੍ਰੀ ਮੰਗਲ ਸਿੰਘ ਬਾਸੀ ਨੇ ਦੱਸਿਆ ਕਿ ਆਪਣੀ ਸਿਹਤ ਪ੍ਰਤੀ ਸੁਚੇਤ ਖਪਤਕਾਰਾਂ ਵਾਸਤੇ ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਫਤਾਵਾਰੀ ਲੁਧਿਆਣਾ ਔਰਗੈਨਿਕ ਮੰਡੀ ਵੇਰਕਾ ਮਿਲਕ ਪਲਾਂਟ ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਸ਼ੁਰੂ ਕੀਤੀ ਗਈ ਹੈ। ਜਿੱਥੇ ਖਪਤਕਾਰ ਜੈਵਿਕ ਕਿਸਾਨਾਂ ਤੋਂ ਸਿੱਧੀ ਖਰੀਦ ਕਰ ਸਕਣਗੇ। ਮੰਡੀ ਦਾ ਸਮਾਂ ਸ਼ਾਮ 3 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਵੱਲੋਂ ਕਿਸਾਨਾਂ ਲਈ ਜੈਵਿਕ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ-ਨਾਲ ਕਿਸਾਨਾਂ ਨੂੰ ਮੁਫਤ ਸਰਟੀਫਿਕੇਸਨ, ਬਾਇਓ ਖਾਦਾਂ, ਗੰਡੋਆ ਖਾਦ, ਮਿੱਟੀ ਦੇ ਸੈਂਪਲ, ਬਾਇਓ ਇਨਪੁੱਟ ਆਦਿ ਦੀ ਸੁਵਿਧਾ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਤਕਨੀਕੀ ਸਿੱਖਿਆ ਵੀ ਖੇਤ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਮੰਡੀ ਵਿੱਚ ਪੰਜਾਬ ਐਗਰੋ ਦੇ ਸਰਟੀਫਾਈਡ ਦੇ ਕਿਸਾਨ ਹਿੱਸਾ ਲੈਣਗੇ। ਮਾਰਕਫੈਡ ਦੇ ਚੇਅਰਮੈਨ ਸ੍ਰੀ ਅਮਨਦੀਪ ਸਿੰਘ ਮੋਹੀ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਜੈਵਿਕ ਖੇਤੀ ਕਰਕੇ ਵੱਧ ਤੋਂ ਵੱਧ ਉਤਪਾਦ, ਫ਼ਲ ਅਤੇ ਸਬਜ਼ੀਆਂ ਆਦਿ ਪੈਦਾ ਕਰਨ ਅਤੇ ਪੰਜਾਬ ਐਗਰੋ ਤੋਂ ਸਰਟੀਫਾਈਡ  ਹੋ ਕੇ ਇਸ ਜੈਵਿਕ ਮੰਡੀ ਵਿਚ ਲਿਆ ਕੇ ਲੋਕਾਂ ਨੂੰ ਵੇਚੀਆਂ ਜਾਣ, ਤਾਂ ਜ਼ੋ ਲੋਕ ਤੰਦਰੁਸਤ ਜੀਵਨ ਬਤੀਤ ਕਰ ਸਕਣ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੈਵਿਕ ਖੇਤੀ ਤੋਂ ਤਿਆਰ ਹੋਏ ਉਤਪਾਦ, ਫ਼ਲ ਅਤੇ ਸਬਜ਼ੀਆਂ ਖਰੀਦ ਕੀਤੀਆ ਜਾਣ। ਉਹਨਾਂ ਕਿਹਾ ਕਿ ਜੈਵਿਕ ਖੇਤੀ ਕਰਨ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਜੈਵਿਕ ਖੇਤੀ ਦੇ ਲਾਭ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਕਰਨ ਨਾਲ ਜ਼ਮੀਨ, ਪਾਣੀ ਅਤੇ ਹਵਾ ਦਾ ਬਹੁਤ ਘੱਟ ਪ੍ਰਦੂਸ਼ਣ ਹੁੰਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਪਦਾਰਥ, ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜੈਵਿਕ ਖੇਤੀ ਪੌਸ਼ਟਿਕ ਅਤੇ ਜ਼ਹਿਰ ਮੁਕਤ ਭੋਜਨ ਪੈਦਾ ਕਰਦੀ ਹੈ। ਜੈਵਿਕ ਖੇਤੀ ਤੋਂ ਪੈਦਾ ਹੋਏ ਭੋਜਨ ਵੀ ਨਿਯਮਤ ਤੌਰ 'ਤੇ ਉਗਾਈਆਂ ਜਾਣ ਵਾਲੀਆਂ ਚੀਜ਼ਾਂ ਨਾਲੋਂ ਵਧੀਆ ਹੁੰਦੀਆਂ ਹਨ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਵੀ ਕਈ ਤਰ੍ਹਾਂ ਦੇ ਵਿਟਾਮਿਨ ਪਾਏ ਜਾਂਦੇ ਹਨ। ਇਸ ਤੋਂ ਪੈਦਾ ਹੋਣ ਵਾਲੇ ਉਤਪਾਦ ਪਸ਼ੂਆਂ ਦੇ ਚਾਰੇ ਵਜੋਂ ਵਧੀਆ ਹੁੰਦੇ ਹਨ