ਪਿੰਡ ਹੁਸੈਨਪੁਰਾ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ

  • ਮ੍ਰਿਤਕ ਦੀ ਪਤਨੀ ਤੇ ਉਸਦੇ ਦੋ ਸਾਥੀਆਂ ਨੂੰ ਪੁਲਿਸ ਨੇ ਕੀਤਾ ਗਿਰਫ਼ਤਾਰ

ਫਤਿਹਗੜ੍ਹ ਸਾਹਿਬ, 16 ਨਵੰਬਰ 2024 : ਬੀਤੀ 13 ਨਵੰਬਰ ਨੂੰ ਬਸੀ ਪਠਾਣਾ ਦੇ ਪਿੰਡ ਹੁਸੈਨਪੁਰਾ ਵਿਖੇ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਕਤਲ ਵਿੱਚ ਸ਼ਾਮਿਲ ਮ੍ਰਿਤਕ ਦੀ ਪਤਨੀ ਅਤੇ ਉਸਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਜਾਣਕਾਰੀ ਡੀਐਸਪੀ ਬਸੀ ਪਠਾਣਾ ਸ੍ਰੀ ਰਾਜ ਕੁਮਾਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਤੇਰਾ ਨਵੰਬਰ ਨੂੰ ਕੁਲਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਹੁਸੈਨਪੁਰਾ ਥਾਣਾ ਬਸੀ ਪਠਾਣਾ ਨੇ ਪੁਲਿਸ ਕੋਲ ਗੁਰਪ੍ਰੀਤ ਸਿੰਘ ਤੇ ਹਰ ਜਸਪ੍ਰੀਤ ਸਿੰਘ ਉਰਫ ਜਸਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਭੋਜੇ ਮਾਜਰਾ ਥਾਣਾ ਚਮਕੌਰ ਸਾਹਿਬ ਅਤੇ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਨਿਵਾਸੀ ਪਿੰਡ ਹੁਸੈਨਪੁਰਾ ਥਾਣਾ ਬਸੀ ਪਠਾਣਾ ਤੇ ਵਿਰੁੱਧ ਬਿਆਨ ਦਰਜ ਕਰਵਾਇਆ ਸੀ ਕਿ ਉਸਦਾ ਭਰਾ ਸੁਖਦੇਵ ਸਿੰਘ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਵੱਖਰੇ ਮਕਾਨ ਵਿੱਚ ਰਹਿੰਦਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਕੁਲਦੀਪ ਕੌਰ ਦਾ ਚਾਲ ਚਲਣ ਠੀਕ ਨਾ ਹੋਣ ਕਾਰਨ ਉਸਦੇ ਗੁਰਪ੍ਰੀਤ ਸਿੰਘ ਨਾਲ ਨਜਾਇਜ਼ ਸਬੰਧ ਸਨ ਅਤੇ ਉਹ ਕੁਝ ਸਮਾਂ ਪਹਿਲਾਂ ਉਸ ਨਾਲ ਕਿਧਰੇ ਚਲੀ ਵੀ ਗਈ ਸੀ ਅਤੇ ਬਾਅਦ ਵਿੱਚ ਵਾਪਸ ਆ ਗਈ ਸੀ। ਸੁਖਦੇਵ ਸਿੰਘ ਗੁਰਪ੍ਰੀਤ ਸਿੰਘ ਅਤੇ ਹਰ ਜਸਪ੍ਰੀਤ ਸਿੰਘ ਨੂੰ ਆਪਣੇ ਘਰ ਆਉਣ ਤੋਂ ਰੋਕਦਾ ਸੀ।  ਮਿਤੀ 13-11-2024 ਸਵੇਰੇ ਵਕਤ ਕਰੀਬ 01:00 ਵਜੇ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ,  ਸੁਖਦੇਵ ਸਿੰਘ ਦੇ ਘਰ ਆਏ ਅਤੇ ਕੁਲਦੀਪ ਕੌਰ ਨਾਲ ਸਲਾਹ ਕਰਕੇ ਤਿੰਨਾਂ ਨੇ  ਮਿਲਕੇ ਸੁਖਦੇਵ ਸਿੰਘ ਦਾ ਸਰਾਣੇ ਨਾਲ ਮੂੰਹ ਤੇ ਨੱਕ ਦੱਬਕੇ ਅਤੇ ਸਿਰ ਵਿਚ ਬੇਸਬਾਲ ਦਾ ਵਾਰ ਕਰਕੇ ਜਾਨੋ ਮਾਰ ਦਿੱਤਾ। ਫਿਰ ਗੁਰਪ੍ਰੀਤ ਸਿੰਘ ਤੇ ਹਰਜਸਪ੍ਰੀਤ ਸਿੰਘ ਉਰਫ ਜਸਪ੍ਰੀਤ ਸਿੰਘ,ਮ੍ਰਿਤਕ ਸੁਖਦੇਵ ਸਿੰਘ ਦੀ ਡੈਡ ਬਾਡੀ ਨੂੰ ਸੁਖਦੇਵ ਸਿੰਘ ਦੇ ਲਾਲ ਰੰਗ ਦੇ ਪਲਟੀਨਾ ਮੋਟਰਸਾਈਕਲ ਨੰਬਰ PB-11-AJ-3376ਦੇ ਵਿਚਾਲੇ ਲੱਦ ਕੇ ਪਿੰਡ ਆਲਮਪੁਰ ਦੇ ਸੂਏ ਦੇ ਪੁੱਲ ਨੇੜੇ ਖਤਾਨਾ ਵਿੱਚ ਸੁੱਟ ਗਏ। ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਕਦਮਾ ਨੰਬਰ 118 ਮਿਤੀ 13-11-2024 ਨੂੰ ਧਾਰਾ 103 (1), 3 (5) ਥਾਣਾ ਬਸੀ ਪਠਾਣਾ ਵਿੱਚ ਦਰਜ਼ ਕੇਸ ਤੇ ਜ਼ਿਲਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਜਾਂਚ ਸ੍ਰੀ ਰਕੇਸ਼ ਯਾਦਵ ਦੀ ਦੀ ਰਹਿਨੁਮਾਈ ਹੇਠ ਇੰਸ: ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਸੀ ਪਠਾਣਾ ਅਤੇ ਮੁਕੱਦਮਾ ਦੇ ਤਫਤੀਸੀ ਅਫਸਰ ਸ:ਬ:ਸਤਨਾਮ ਸਿੰਘ ਥਾਣਾ ਬਸੀ ਪਠਾਣਾ ਵੱਲੋ ਮੁਕੱਦਮਾ ਵਿਚ ਉਕੱਤ ਦੋਸਣ ਕੁਲਦੀਪ ਕੌਰ ਨੂੰ ਮਿਤੀ 13-11-2024 ਨੂੰ ਗ੍ਰਿਫਤਾਰ ਕਰਕੇ ਮਿਤੀ 14-11-2024 ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਮਿਤੀ 15-11-2024 ਨੂੰ ਗੁਰਪ੍ਰੀਤ ਸਿੰਘ ਅਤੇ ਹਰਜਸਪ੍ਰੀਤ ਸਿੰਘ ਉਰਫ ਜਸਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿੰਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।