ਕਿਸਾਨ ਪਰਾਲੀ ਪ੍ਰਬੰਧਨ ਲਈ ਖਰੀਦੀ ਖੇਤੀ ਮਸ਼ੀਨਰੀ ਦੀ ਸਮੂਹਿਕ ਪੜਤਾਲ ਭਲਕੇ ਖੇਤੀਬਾੜੀ ਦਫਤਰਾਂ 'ਚ ਕਰਵਾਉਣ  ਮੁੱਖ ਖੇਤੀਬਾੜੀ ਅਫਸਰ ਡਾ. ਬੈਨੀਪਾਲ 

ਲੁਧਿਆਣਾ, 30 ਨਵੰਬਰ : ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਨਰਿੰਦਰ ਸਿੰਘ ਬੈਨੀਪਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਾਇਰੈਕਟਰ ਖੇਤੀਬਾੜੀ, ਪੰਜਾਬ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਭਲਕੇ ਪਹਿਲੀ ਦਸੰਬਰ ਨੂੰ, ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਲਈ ਖਰੀਦੀ ਗਈ ਖੇਤੀ ਮਸ਼ੀਨਰੀ ਦੀ ਵਿਭਾਗ ਵਲੋਂ ਸਮੂਹਿਕ ਪੜਤਾਲ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਲੁਧਿਆਣਾ ਦੇ ਲਾਭਪਾਤਰੀਆਂ ਦੀ ਸਮੂਹਿਕ ਵੈਰੀਫਿਕੇਸ਼ਨ ਖੇਤੀਬਾੜੀ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰਾਂ ਵੱਲੋਂ ਢੁੱਕਵੀਆਂ ਥਾਵਾਂ 'ਤੇ ਭਲਕੇ ਸਵੇਰੇ 09 ਵਜੇ ਤੋਂ ਕੀਤੀ ਜਾਵੇਗੀ ਹੈ ਅਤੇ ਇਸ ਵੈਰੀਫਿਕੇਸ਼ਨ ਨੂੰ ਮੌਕੇ 'ਤੇ ਹੀ ਮੋਬਾਈਲ ਐਪਲੀਕੇਸ਼ਨ ਰਾਹੀਂ ਆਨਲਾਈਨ ਪੋਰਟਲ 'ਤੇ ਅਪਲੋਡ ਵੀ ਕੀਤਾ ਜਾਵੇਗਾ ਹੈ। ਇਸ ਪ੍ਰਕਿਰਿਆ ਉਪਰੰਤ ਹੀ ਸਬਸਿਡੀ ਦੀ ਰਾਸ਼ੀ ਜਾਰੀ ਕੀਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਸਾਲ 2023-24 ਤਹਿਤ ਪੰਜਾਬ ਰਾਜ ਦੇ ਕਿਸਾਨਾਂ/ਸਹਿਕਾਰੀ ਸਭਾਵਾਂ/ਕਿਸਾਨ ਗਰੁੱਪਾਂ/ਗ੍ਰਾਮ ਪੰਚਾਇਤਾਂ ਨੂੰ ਵੱਖ-ਵੱਖ ਪਰਾਲੀ ਪ੍ਰਬੰਧਨ ਖੇਤੀ ਮਸ਼ੀਨਰੀ 'ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਜਿਲ੍ਹਾ ਲੁਧਿਆਣਾ ਦੇ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਸ਼ੀਨਰੀ ਦੀ ਖਰੀਦ ਲਈ ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਸਨ। ਮੁੱਖ ਖੇਤੀਬਾੜੀ ਅਫ਼ਸਰ ਬੈਨੀਪਾਲ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਸਬੰਧਤ ਬਲਾਕ ਦੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰਨ ਅਤੇ ਆਪਣੀਆਂ ਮਸ਼ੀਨਾਂ ਲੈ ਕੇ ਦੱਸੇ ਗਏ ਸਥਾਨ ਉੱਪਰ ਸਮੇਂ ਸਿਰ ਪਹੁੰਚਣ ਤਾਂ ਜੋ ਉਹਨਾਂ ਦੀਆਂ ਸਬਸਿਡੀਆਂ ਜਲਦੀ ਜਾਰੀ ਕੀਤੀਆਂ ਜਾ ਸਕਣ। ਉਨਾਂ ਇਹ ਵੀ ਦੱਸਿਆ ਕਿ ਉਪਰੋਕਤ ਸਕੀਮ ਤਹਿਤ ਕਿਸਾਨਾਂ ਵੱਲੋਂ ਖਰੀਦ ਕੀਤੀਆਂ ਕੁੱਲ 1125 ਮਸ਼ੀਨਾਂ ਵਿੱਚੋਂ 971 ਮਸ਼ੀਨਾਂ ਦੀ ਵੈਰੀਫਿਕੇਸ਼ਨ ਪਹਿਲੀ ਨਵੰਬਰ, 2023 ਨੂੰ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਕਰੀਬ 154 ਮਸ਼ੀਨਾਂ ਦੀ ਵੈਰੀਫਿਕੇਸ਼ਨ ਕੱਲ੍ਹ ਕੀਤੀ ਜਾਵੇਗੀ।