ਲੁਧਿਆਣਾ, 06 ਨਵੰਬਰ 2024 : ਉਪ ਮੰਡਲ ਅਫ਼ਸਰ ਦੋਰਾਹਾ ਅੱਵਲਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ, ਬਠਿੰਡਾ ਬਰਾਂਚ ਬੁਰਜੀ 500 ਤੋਂ 1,08,000 ਤੱਕ ਅਤੇ ਸਿੱਧਵਾਂ ਬਰਾਂਚ ਬੁਰਜੀ 500 ਤੋਂ 2000 ਤੱਕ 'ਤੇ ਮੱਛੀ ਫੜਨ ਦੀ ਨਿਲਾਮੀ ਸਬੰਧੀ ਬੋਲੀ ਹੁਣ 14 ਨਵੰਬਰ, 2024 ਨੂੰ ਦੋਰਾਹਾ ਉਪ ਮੰਡਲ ਸ.ਨ. ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 01-09-2024 ਤੋਂ 31-08-2025 ਤੱਕ ਹੋਵੇਗੀ। ਉਪ ਮੰਡਲ ਅਫ਼ਸਰ ਦੋਰਾਹਾ ਅੱਵਲਦੀਪ ਸਿੰਘ ਗਿੱਲ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੀ 20 ਅਗਸਤ, 2024, 02 ਤੇ 11 ਸਤੰਬਰ, 2024 ਨੂੰ ਕਰਵਾਈ ਗਈ ਬੋਲੀ ਦੌਰਾਨ ਉਪਰੋਕਤ ਨਹਿਰਾਂ ਦੀ ਬੋਲੀ ਕਿਸੇ ਵੀ ਬੋਲੀਕਾਰ ਵੱਲੋਂ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਕਾਰਜਕਾਰੀ ਇੰਜੀਨੀਅਰ/ਅਸਟੇਟ, ਲੁਧਿਆਣਾ ਨਹਿਰ ਹਲਕਾ, ਲੁਧਿਆਣਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬੋਲੀ ਮੁੜ 14 ਨਵੰਬਰ, 2024 ਨੂੰ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ 'ਤੇ ਹਰ ਸਾਲ ਮੱਛੀ ਫੜਨ 'ਤੇ ਨਿਲਾਮੀ ਬੋਲੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਹੈੱਡ ਵਰਕਸ ਮੰਡਲ ਸ.ਨ. ਰੋਪੜ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ 'ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾਂ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀ ਫੜਨ ਲਈ ਜਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀ ਫੜਨ ਸਮੇਂ ਨਹਿਰਾਂ/ਬਰਾਂਚਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿੱਚ ਮੱਛੀ ਫੜੇਗਾ। ਬੋਲੀ ਵਾਲੇ ਦਿਨ ਜੇਕਰ ਛੁੱਟੀ ਹੋ ਜਾਂਦੀ ਹੈ ਤਾਂ ਅਗਲੇ ਕੰਮ ਵਾਲੇ ਦਿਨ ਬੋਲੀ ਹੋਵੇਗੀ। ਇਸ ਤੋਂ ਇਲਾਵਾ ਬੋਲੀਕਾਰ ਆਪਣੇ ਨਾਲ ਆਪਣੇ ਅਸਲ ਰਿਹਾਇਸ਼ੀ ਸਬੂਤ ਸਮੇਤ ਫੋਟੋ ਕਾਪੀ ਨਾਲ ਲੈ ਕੇ ਆਉਣ।