ਪ੍ਰਤਾਪ ਸਿੰਘ ਬਾਜਵਾ ਨੇ ਆਹਲੂਵਾਲੀਆ ਚੌਕ ਦਾ ਨਾਂ ਬਦਲ ਕੇ ‘ਜਲੇਬੀ ਵਾਲਾ ਚੌਕ’ ਰੱਖਣ ’ਤੇ ‘ਆਪ’ ਸਰਕਾਰ ਦੀ ਕੀਤੀ ਨਿੰਦਾ

ਚੰਡੀਗੜ੍ਹ, , 06 ਨਵੰਬਰ 2024 : ਅੰਮ੍ਰਿਤਸਰ ਦੇ ਇਤਿਹਾਸਕ ਕਟੜਾ ਆਹਲੂਵਾਲੀਆ ਚੌਕ ਦਾ ਨਾਂ ਬਦਲ ਕੇ ‘ਜਲੇਬੀ ਵਾਲਾ ਚੌਕ’ ਰੱਖਣ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ਦੀ ਨਿੰਦਾ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 18ਵੀਂ ਸਦੀ ਦੇ ਸਿੱਖ ਆਗੂ ਜੱਸਾ ਸਿੰਘ ਆਹਲੂਵਾਲੀਆ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਪ੍ਰਭਾਵ ਨਾਲ ਚੌਕ ਦਾ ਅਸਲੀ ਨਾਂ ਮੁੜ ਬਹਾਲ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦੇ ਸੁਪਰੀਮ ਕਮਾਂਡਰ ਸਨ, ਸਗੋਂ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬੁੱਢਾ ਦਲ ਦੇ ਮੁਖੀ ਵਜੋਂ ਵੀ ਸੇਵਾ ਨਿਭਾਈ ਸੀ। ਆਹਲੂਵਾਲੀਆ ਨੇ 1761 ਵਿਚ ਲਾਹੌਰ ਨੂੰ ਜਿੱਤਣ ਲਈ ਸਿੱਖਾਂ ਦੀ ਅਗਵਾਈ ਕੀਤੀ ਤੇ ਪੰਥ ਵਿੱਚ ਸਭ ਤੋਂ ਉੱਚੇ ਸਨਮਾਨ, "ਸੁਲਤਾਨ ਉਲ ਕੌਮ" ਪ੍ਰਾਪਤ ਕੀਤਾ। ਇਹ ਸਮਝ ਤੋ ਬਾਹਰ ਹੈ ਕਿ ਆਪ ਸਰਕਾਰ ਨੇ ਇਹ ਫੈਸਲਾ ਕਿਉ ਲਿਆ। ਉਨ੍ਹਾਂ ਮਾਨ ਦੀ ਗੈਰ-ਪੰਜਾਬੀ ਸਲਾਹਕਾਰਾਂ 'ਤੇ ਨਿਰਭਰਤਾ ਦੀ ਆਲੋਚਨਾ ਕਰਦਿਆ ਕਿਹਾ ਕਿ ਇਹ ਫੈਸਲਾ ਵੀ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਜੀ ਜਾਣਕਾਰੀ ਨਾ ਹੋਣ ਦਾ ਨਤੀਜਾ ਹੈ। ਉਨ੍ਹਾਂ ‘ਆਪ’ ਸਰਕਾਰ ਨੂੰ ਇਸ ਗਲਤੀ ਨੂੰ ਮੰਨਣ, ਪੰਜਾਬ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਜੱਸਾ ਸਿੰਘ ਆਹਲੂਵਾਲੀਆ ਦੀ ਵਿਰਾਸਤ ਨੂੰ ਯਾਦ ਕਰਨ ਲਈ ਕਟੜਾ ਆਹਲੂਵਾਲੀਆ ਚੌਕ ਦਾ ਨਾਂ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।