ਤਿਬੜੀ, 1 ਨਵੰਬਰ : ਤਿਬੜੀ ਛਾਉਣੀ ਵਿਖੇ ਭਾਰਤੀ ਫ਼ੌਜ ਵੱਲੋਂ ਅਗਨੀਵੀਰ ਭਰਤੀ ਰੈਲੀ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਭਰਤੀ ਰੈਲੀ ਦੇ ਦੂਸਰੇ ਦਿਨ ਅੱਜ ਚੀਫ਼ ਆਫ਼ ਸਟਾਫ਼, ਵੈਸਟਰਨ ਕਮਾਂਡ ਵੱਲੋਂ ਭਰਤੀ ਰੈਲੀ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਗਨੀਵੀਰ ਭਰਤੀ ਰੈਲੀ ਵਿੱਚ ਹਿੱਸਾ ਲੈਣ ਆਏ ਨੌਜਵਾਨਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਇਸ ਸਾਲ ਦੀ ਇਹ ਚੌਥੀ ਅਗਨੀਵੀਰ ਭਰਤੀ ਰੈਲੀ ਹੈ ਜਿਸਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿਬੜੀ ਵਿਖੇ ਚੱਲ ਰਹੀ ਭਰਤੀ ਰੈਲੀ ਦੇ ਅੱਜ ਦੂਸਰੇ ਦਿਨ 720 ਉਮੀਦਵਾਰਾਂ ਨੂੰ ਅਗਨੀਵੀਰ ਜਨਰਲ ਡਿਊਟੀ ਲਈ ਸ਼ਾਰਟ ਲਿਸਟ ਕਰਕੇ ਉਨ੍ਹਾਂ ਦੀ ਸਕਰੀਨਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਨੌਜਵਾਨਾਂ ਵਿੱਚ ਅਗਨੀਵੀਰ ਭਰਤੀ ਰੈਲੀ ਲਈ ਬਹੁਤ ਉਤਸ਼ਾਹ ਹੈ। ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫ਼ੌਜ ਵਿੱਚ ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮੈਰਿਟ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਟੈਸਟ ਅਤੇ ਭਰਤੀ ਪ੍ਰੀਕ੍ਰਿਆ ਨੂੰ ਅਧਿਕਾਰੀਆਂ ਦੀ ਸਖਤ ਨਿਗਰਾਨੀ ਵਿੱਚ ਕੀਤਾ ਜਾਂਦਾ ਹੈ ਅਤੇ ਸਾਰੀ ਭਰਤੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਵੀ ਇਸ ਭਰਤੀ ਰੈਲੀ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਭਰਤੀ ਰੈਲੀ ਬਹੁਤ ਵਧੀਆ ਚੱਲ ਰਹੀ ਹੈ।