- ਜ਼ਿਲ੍ਹਾ ਚੋਣ ਅਫ਼ਸਰ ਨੇ ਸਬੰਧਤ ਅਧਿਕਾਰੀਆਂ ਸਮੇਤ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਲਿਆ ਜਾਇਜ਼ਾ
- 1 ਲੱਖ 93 ਹਜ਼ਾਰ 376 ਵੋਟਰ ਕਰਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ
- ਵੋਟਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ
ਗੁਰਦਾਸਪੁਰ, 19 ਨਵੰਬਰ 2024 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 10 ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਤਾਂ ਜੋ 20 ਨਵੰਬਰ ਨੂੰ ਅਮਨ-ਅਮਾਨ ਨਾਲ ਵੋਟਿੰਗ ਪ੍ਰਕਿਰਿਆ ਨੇਪਰੇ ਚਾੜ੍ਹੀ ਜਾ ਸਕੇ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਉਮਾ ਸ਼ੰਕਰ ਗੁਪਤਾ, ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਪਹੁੰਚੇ ਅਤੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ), ਰਾਜਪਾਲ ਸਿੰਘ ਸੇਖੋਂ, ਐਸਡੀਐਮ ਡੇਰਾ ਬਾਬਾ ਨਾਨਕ ਤੇ ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਵੀ ਮੋਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਜ਼ਾਦਾਨਾ ਢੰਗ ਨਾਲ ਵੋਟਿੰਗ ਕਰਵਾਉਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ 200 ਮੀਟਰ ਦੇ ਘੇਰੇ ਤੋਂ ਪਰੇ ਪੋਲਿੰਗ ਪਾਰਟੀਆਂ ਦੇ ਬੂਥ ਲਗਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਕੱਲ 20 ਨਵੰਬਰ ਬੁੱਧਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਿਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਸਮੇਤ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਤਹਿਤ ਛੁੱਟੀ ਐਲਾਨੀ ਜਾ ਗਈ ਹੈ। ਇਸੇ ਤਰ੍ਹਾਂ 10 ਡੇਰਾ ਬਾਬਾ ਨਾਨਕ ਹਲਕੇ ਦੇ ਉਨ੍ਹਾਂ ਵੋਟਰਾਂ, ਜਿਹੜੇ ਪੰਜਾਬ ਦੀਆਂ ਰਜਿਟਰਡ ਫੈਕਟਰੀਆਂ, ਦੁਕਾਨਾਂ ਜਾਂ ਵਪਾਰਕ ਸੰਸਥਾਵਾਂ ਵਿਖੇ ਕੰਮ ਕਰ ਰਹੇ ਹਨ, ਨੂੰ ਵੀ ਵੋਟ ਪਾਉਣ ਲਈ ਕੰਮ ਤੋਂ ਛੋਟ ਰਹੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਕੁੱਲ ਵੋਟਰ 1 ਲੱਖ 93 ਹਜ਼ਾਰ 376 ਹਨ। ਜਿਨ੍ਹਾਂ ਵਿੱਚ 101825 ਮਰਦ, 91544 ਔਰਤਾਂ, 7 ਕਿੰਨਰ, 6974 ਨੌਜਵਾਨ (18-19), 1354 ਦਿਵਿਆਂਗ ਵੋਟਰ, 26 ਪਰਵਾਸੀ ਭਾਰਤੀ ਅਤੇ 2002 ਸੀਨੀਅਰ ਸਿਟੀਜਨ/85 ਪਲੱਸ ਵੋਟਰ ਹਨ। ਸਰਵਿਸ ਵੋਟਰਾਂ ਦੀ ਗਿਣਤੀ 2228 ਹੈ। ਹਲਕੇ ਵਿੱਚ 193 ਪੋਲਿੰਗ ਲੋਕੇਸ਼ਨਾਂ ਤੇ ਕੁਲ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚ 97 ਪੋਲਿੰਗ ਸਟੇਸ਼ਨ ਵਲਨਰਏਬਲ/ਕਰਿਟੀਕਲ ਹਨ। ਇਸ ਤੋਂ ਇਲਾਵਾ ਮਾਈਕਰੋ ਆਬਜਰਵਰ ਵੀ ਤਾਇਨਾਤ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਤੇ ਵੈੱਬ ਕਾਸਟਿੰਗ ਕਰਵਾਈ ਜਾਵੇਗੀ। ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਸਹੂਲਤ ਵੀਲ ਚੇਅਰ, ਪੀਣ ਵਾਲਾ ਪਾਣੀ, ਰਿਂਮ, ਬਿਜਲੀ ਅਤੇ ਹੈਲਪ ਡੈਸਕ ਆਦਿ ਦੇ ਪਰਬੰਧ ਕੀਤੇ ਗਏ ਹਨ। ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਲਈ ਲਗਭਗ 1300 ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ। ਗੁਰਦਾਸਪੁਰ ਅਤੇ ਬਟਾਲਾ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਕਰੀਬ 3062 ਪੁਲਿਸ ਕਰਮੀ/ਅਧਿਕਾਰੀ ਤਾਇਨਾਤ ਹਨ। ਬਟਾਲਾ ਪੁਲਿਸ ਵਲੋਂ 1682 ਅਤੇ ਗੁਰਦਾਸਪੁਰ ਪੁਲਿਸ ਵਲੋਂ 1380 ਪੁਲਿਸ ਕਰਮਚਾਰੀ/ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋ ਇਲਾਵਾ 6 ਕੰਪਨੀਆਂ, ਜਿਸ ਵਿੱਚ 320 ਅਰਧ ਸੈਨਿਕ ਸੁਰੱਖਿਆ ਬਲ ਸ਼ਾਮਲ ਹਨ, ਤਾਇਨਾਤ ਕੀਤੇ ਗਏ ਹਨ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ 56 ਟੀਮਾਂ ਰਿਜ਼ਰਵ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬਟਾਲਾ ਪੁਲਿਸ ਦੀਆਂ 31ਅਤੇ ਗੁਰਦਾਸਪੁਰ ਪੁਲਿਸ ਦੀਆਂ 25 ਟੀਮਾਂ ਸ਼ਾਮਲ ਹਨ। ਇਸ ਤੋਂ ਇਲਾਵਾ 49 ਪੈਟਰੋਲਿੰਗ ਪਾਰਟੀਆਂ, ਜਿਨ੍ਹਾਂ ਵਿੱਚ ਬਟਾਲਾ ਪੁਲਿਸ ਦੀਆਂ 24 ਅਤੇ ਗੁਰਦਾਸਪੁਰ ਪੁਲਿਸ ਦੀਆਂ 25 ਪਾਰਟੀਆਂ ਸ਼ਾਮਲ ਹਨ, ਤਾਇਨਾਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।