ਗੁਰਦਾਸਪੁਰ, 19 ਨਵੰਬਰ 2024 : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਸਕੱਤਰ ਸ਼੍ਰੀਮਤੀ ਰਮਨੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੈਫਿਕ ਐਜੂਕੇਸ਼ਨ ਸੈਲ ਗੁਰਦਾਸਪੁਰ ਵੱਲੋਂ ਕਿਡਜ ਇੰਟਰਨੈਸ਼ਨਲ ਸਕੂਲ ਪਿੰਡ ਧਾਰੋ ਚੱਕ ਵਿੱਚ ਸਕੂਲ ਦੇ ਚੇਅਰਮੈਨ ਸ਼੍ਰੀ ਮਾਨਵ ਮਹਾਜਨ ਅਤੇ ਪ੍ਰਿੰਸੀਪਲ ਸ੍ਰੀਮਤੀ ਤਜਿੰਦਰ ਕੌਰ ਦੇ ਸਹਿਯੋਗ ਅਤੇ ਕਿਡਜ ਇੰਟਰਨੈਸ਼ਨਲ ਸਕੂਲ ਅਵਾਂਖਾ ਦੀਨਾਨਗਰ ਦੇ ਪ੍ਰੈਜੀਡੈਂਟ ਸ੍ਰੀ ਅਰਵਿੰਦ ਮਹਿਤਾ ਅਤੇ ਪ੍ਰਿੰਸੀਪਲ ਸ੍ਰੀਮਤੀ ਪਰੋਮੀਲਾ ਮਨਹਾਸ ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿੱਚ ਐਡਵੋਕੇਟ ਸ਼੍ਰੀਮਤੀ ਬਲਵਿੰਦਰ ਕੌਰ ਬਾਜਵਾ ਅਤੇ ਟਰੈਫਿਕ ਐਜੂਕੇਸ਼ਨ ਸੈਲ ਗੁਰਦਾਸਪੁਰ ਵੱਲੋਂ ਏਐਸਆਈ ਅਮਨਦੀਪ ਸਿੰਘ ਅਤੇ ਏਐਸਆਈ ਸੰਜੀਵ ਕੁਮਾਰ ਹਾਜ਼ਰ ਸਨ। ਸੈਮੀਨਾਰ ਵਿੱਚ ਐਡਵੋਕੇਟ ਸ੍ਰੀਮਤੀ ਬਲਵਿੰਦਰ ਕੌਰ ਬਾਜਵਾ ਵੱਲੋਂ ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਨਾਲ ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਹੈਲਪਲਾਈਨ ਨੰਬਰ 15100 ਬਾਰੇ ਵੀ ਦੱਸਿਆ। ਇਹਨਾਂ ਤੋਂ ਬਾਅਦ ਏਐਸਆਈ ਅਮਨਦੀਪ ਸਿੰਘ ਅਤੇ ਏਐਸਆਈ ਸੰਜੀਵ ਕੁਮਾਰ ਵੱਲੋਂ ਵੀ ਬੱਚਿਆਂ ਨੂੰ ਰੋਡ ਸੇਫਟੀ ਬਾਰੇ ਜਾਣਕਾਰੀ ਦਿੰਦੇ ਹੋਏ ਟਰੈਫਿਕ ਦੇ ਚਲਾਨਾਂ ਅਤੇ ਉਨਾਂ ਦੇ ਜੁਰਮਾਨਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਦੱਸਿਆ ਕਿ ਮੋਟਰ ਵਹੀਕਲ ਐਕਟ ਦੇ ਅਨੁਸਾਰ ਨਾਬਾਲਕ ਕਿਸੇ ਵੀ ਬੱਚੇ ਨੂੰ ਸੜਕਾਂ ਉੱਪਰ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੱਤੀ ਗਈ ਹੈ ਜੇਕਰ ਨਬਾਲਕ ਬੱਚਿਆਂ ਦਾ ਵਾਹਨ ਚਲਾਉਂਦੇ ਹੋਏ ਮੋਟਰ ਵਹੀਕਲ ਐਕਟ ਅਨੁਸਾਰ ਕਾਰਵਾਈ ਹੁੰਦੀ ਹੈ ਤਾਂ ਉਸਨੂੰ 25000 ਹਜਾਰ ਰੁਪਏ ਜੁਰਮਾਨਾ ਅਤੇ ਉਸਦੇ ਮਾਂ ਬਾਪ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ-ਨਾਲ ਦੋ ਪਹੀਆਂ ਵਾਹਨ ਉੱਪਰ ਤਿੰਨ ਤਿੰਨ ਸਵਾਰੀਆਂ ਨਾ ਬੈਠਣ ਬਾਰੇ ਅਤੇ ਹੈਲਪਲਾਈਨ ਨੰਬਰ 112 ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਦੋਨਾਂ ਸੈਮੀਨਾਰਾਂ ਵਿੱਚ ਹਾਜ਼ਰ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਬੱਚਿਆਂ ਨੂੰ ਜਾਣਕਾਰੀ ਦੇਣ ਤੇ ਆਏ ਹੋਏ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ।