ਐੱਸ.ਡੀ.ਐੱਮ ਬਟਾਲਾ ਵਲੋਂ ਸੱਖੋਵਾਲ, ਧਾਲੀਵਾਲ, ਲੱਲਾ ਤੇ ਸੋਈਆਂ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ- ਕਿਸਾਨਾਂ ਨੂੰ ਇਨ-ਸੀਟੂ ਤੇ ਐਕਸ-ਸੀਟੂ ਬਾਰੇ ਕੀਤਾ ਜਾਗਰੂਕ

ਬਟਾਲਾ, 5 ਨਵੰਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ, ਦੇ ਦਿਸ਼ਾ- ਨਿਰਦੇਸ਼ਾਂ ਹੇਠ ਜ਼ਿਲ੍ਹੇ ਭਰ ਅੰਦਰ ਵੱਖ- ਵੱਖ ਵਿਭਾਗਾਂ ਵੱਲ਼ੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆ ਅੱਜ ਐੱਸ.ਡੀ.ਐੱਮ.ਬਟਾਲਾ, ਵਿਰਕਮਜੀਤ ਸਿੰਘ ਵੱਲੋਂ ਪਿੰਡ ਸੱਖੋਵਾਲ, ਧਾਲੀਵਾਲ, ਲੱਲਾ ਅਤੇ  ਸੋਈਆਂ ਵਿਖੇ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ  ਹਰਮਨਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਸ੍ਰੀਮਤੀ ਬਲਵਿੰਦਰ ਕੋਰ ਏ.ਈ.ਓ ਸ੍ਰੀ ਹਰਗੋਬਿੰਦਪੁਰ ਸਾਹਿਬ, ਪਟਵਾਰੀ, ਕਾਨੂੰਗੋ, ਸਰਪੰਚ ਅਤੇ ਨੰਬਰਦਾਰ ਆਦਿ ਮੋਜੂਦ ਸਨ। ਇਸ ਮੌਕੇ ਗੱਲ਼ ਕਰਦਿਆਂ ਐੱਸ.ਡੀ.ਐੱਮ. ਵਿਰਕਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਇੰਨ ਸੀਟੂ ਵਿਧੀ ਰਾਹੀਂ ਫਸਲ ਦੀ ਰਹਿੰਦ-ਖੂੰਹਦ ਪੈਲੀ ਵਿੱਚ ਵਾਹ ਕੇ ਕਣਕ ਬੀਜਣ ਅਤੇ ਐਕਸ ਸੀਟੂ ਵਿਧੀ ਰਾਹੀਂ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ। ਐੱਸ.ਡੀ.ਐੱਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲ਼ੋਂ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰ 1800-180-1852 ਤੇ ਸੰਪਰਕ ਕਰਨ। ਐੱਸ.ਡੀ.ਐੱਮ ਨੇ  ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਖੁਦ ਅਤੇ ਵੱਖ ਵੱਖ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਮਿਲ ਕੇ ਪਰਾਲੀ ਦੀ ਸਾਭ- ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ।