- ਪਿਛਲੇ ਛੇ ਸਾਲ ਤੋਂ ਪਰਾਲੀ ਪ੍ਰਬੰਧਨ ਕਰ ਰਹੇ ਪੱਤਰਕਾਰ ਅਵਤਾਰ ਸਿੰਘ ਖਹਿਰਾ ਦੇ ਸ਼ਲਾਘਾਯੋਗ ਉਪਰਾਲੇ ਲਈ ਸਨਮਾਨਿਤ ਕੀਤਾ
- ਪਰਾਲੀ ਨੂੰ ਮਲਚਿੰਗ ਵਜੋਂ ਖੇਤ ਵਿੱਚ ਰੱਖਣ ਨਾਲ ਨਮੀਂ ਲੰਮਾ ਸਮਾਂ ਬਰਕਰਾਰ ਰਹਿੰਦੀ ਹੈ-ਅਵਤਾਰ ਸਿੰਘ ਖਹਿਰਾ
ਪੱਟੀ, 05 ਨਵੰਬਰ 2024 : ਪੱਤਰਕਾਰੀ ਖੇਤਰ ਵਿੱਚ ਨਿਵੇਕਲੀ ਪਹਿਚਾਣ ਰੱਖਦੇ ਅਵਤਾਰ ਸਿੰਘ ਖਹਿਰਾ ਜਿੱਥੇ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚੁਣੌਤੀਆਂ ਨੂੰ ਸਮੇਂ ਸਮੇਂ ਤੇ ਸਾਹਮਣੇ ਲੈ ਕੇ ਆਉਂਦੇ ਰਹੇ ਹਨ, ਉੱਥੇ ਇਹਨਾਂ ਦੁਆਰਾ ਹੱਲ ਲਈ ਵੀ ਅੱਗੇ ਆ ਕੇ ਯਤਨ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਉੱਦਮ ਦੇ ਨਿਰੀਖਣ ਮੌਕੇ ਕੀਤਾ। ਜਿਕਰਯੋਗ ਹੈ ਕਿ ਪੱਤਰਕਾਰ ਅਵਤਾਰ ਸਿੰਘ ਖਹਿਰਾ ਅਤੇ ਉਨਾਂ ਦਾ ਭਰਾ ਬਾਜ ਸਿੰਘ ਧਰਤੀ ਦੀ ਸਿਹਤ ਅਤੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋ ਕੇ ਪਿਛਲੇ ਛੇ ਸਾਲ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਵੱਖ-ਵੱਖ ਉਪਰਾਲੇ ਕਰਦਿਆਂ ਯਤਨਸ਼ੀਲ ਹਨ। ਨਿਰੀਖਣ ਮੌਕੇ ਅਵਤਾਰ ਸਿੰਘ ਖਹਿਰਾ ਅਤੇ ਬਾਜ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਖੇਤੀਬਾੜੀ ਵਿਭਾਗ ਦੀ ਪ੍ਰੇਰਨਾ ਅਤੇ ਬਾਗਬਾਨੀ ਵਿਭਾਗ ਤੋਂ ਸੇਧ ਲੈ ਕੇ ਜਿੱਥੇ ਪਹਿਲਾ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਰਲਾ ਦਿੱਤਾ ਜਾਂਦਾ ਸੀ ਇਸ ਵਾਰ ਪਰਾਲੀ ਨੂੰ ਹਲਾਂ ਨਾਲ ਇਕੱਠਾ ਕਰਕੇ ਬਾਗ ਅਤੇ ਸਬਜ਼ੀਆਂ ਵਿੱਚ ਮਲਚਿੰਗ ਵਜੋਂ ਵਿਛਾਅ ਰਹੇ ਹਾਂ। ਇਸ ਨਾਲ ਜਿੱਥੇ ਪਰਾਲੀ ਦਾ ਸੁਚੱਜਾ ਇਸਤੇਮਾਲ ਹੋ ਜਾਵੇਗਾ ਉੱਥੇ ਬਾਗਾਂ ਵਿੱਚ ਲੰਮਾ ਸਮਾਂ ਨਮੀਂ ਬਰਕਰਾਰ ਰਹੇਗੀ ਅਤੇ ਨਦੀਨਾਂ ਦਾ ਜਮਾਂ ਘੱਟ ਹੋਵੇਗਾ।ਇਸ ਤਰ੍ਹਾਂ ਪਰਾਲੀ ਸਾੜਨ ਨਾਲ ਨੁਕਸਾਨੇ ਜਾਂਦੇ ਮਿੱਤਰ ਜੀਵ ਅਤੇ ਪੈਦਾ ਹੋਣ ਵਾਲੇ ਜਹਿਰੀਲੇ ਧੂਏਂ ਦੇ ਨੁਕਸਾਨ ਤੋਂ ਵੀ ਬਚਾ ਹੋ ਜਾਵੇਗਾ। ਇਸ ਮੌਕੇ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਅਤੇ ਉਨਾਂ ਨਾਲ ਆਏ ਟੀਮ ਮੈਂਬਰ ਗੁਰਬਰਿੰਦਰ ਸਿੰਘ ਏਡੀਓ, ਦਇਆਪ੍ਰੀਤ ਸਿੰਘ ਏਈਓ ,ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ ਅਤੇ ਫੀਲਡ ਵਰਕਰ ਗੁਰਲਾਲ ਸਿੰਘ ਨੇ ਅਵਤਾਰ ਸਿੰਘ ਅਤੇ ਬਾਜ ਸਿੰਘ ਦੁਆਰਾ ਕੀਤੇ ਜਾ ਰਹੇ ਉੱਦਮ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਕਿਸਾਨਾਂ ਨੂੰ ਅਪੀਲ ਕਰਦਿਆਂ ਡਾ. ਭੁਪਿੰਦਰ ਸਿੰਘ ਏਓ ਨੇ ਜਾਣਕਾਰੀ ਦਿੱਤੀ ਕਿ ਖੇਤੀ ਵਿਗਿਆਨੀਆਂ ਅਨੁਸਾਰ ਧਰਤੀ ਵਿੱਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸ਼ਤ ਨਾਈਟਰੋਜਨ ਅਤੇ ਫਾਸਫੋਰਸ 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ। ਇਸ ਲਈ ਪਰਾਲੀ ਨੂੰ ਸਾੜਨ ਦੀ ਬਜਾਏ ਢੁੱਕਵਾਂ ਉਪਰਾਲਾ ਕਰਕੇ ਇਸ ਦਾ ਫਾਇਦਾ ਲੈਣਾ ਚਾਹੀਦਾ ਹੈ। ਇਸ ਨਾਲ ਜਿੱਥੇ ਸਾਡੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ ਉੱਥੇ ਵਾਤਾਵਰਨ ਵੀ ਗੰਧਲਾ ਹੋਣ ਤੋਂ ਬਚ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਖਹਿਰਾ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਲਈ ਜ਼ਮੀਨਦੋਜ਼ ਸਿਸਟਮ ਵਰਤ ਰਹੇ ਹਾਂ ਅਤੇ ਝੋਨੇ ਹੇਠੋਂ ਰਕਬਾ ਘਟਾ ਕੇ ਬਦਲਵੀਆਂ ਫਸਲਾਂ ਆਲੂ, ਛੋਲੇ ਮਸਰਾਂ, ਅਲਸੀ ਅਤੇ ਫਲਦਾਰ ਬੂਟਿਆਂ ਹੇਠ ਰਕਬਾ ਵਧਾ ਰਹੇ ਹਾਂ ।