ਤਰਨ ਤਾਰਨ, 05 ਨਵੰਬਰ 2024 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 01 ਜਨਵਰੀ 2025 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤਰਨ ਤਾਰਨ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਮਿਤੀ 29 ਅਕਤੂਬਰ, 2024 ਨੂੰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹਨਾਂ ਫੋਟੋ ਵੋਟਰ ਸੂਚੀਆਂ ਵਿੱਚ ਸਪੈਸ਼ਲ ਸਰਸਰੀ ਸੁਧਾਈ ਮਿਤੀ 28 ਨਵੰਬਰ, 2024 ਤੱਕ ਚੱਲੇਗੀ।ਇਸ ਦੌਰਾਨ ਕੋਈ ਵੀ ਵਿਅਕਤੀ ਵੋਟਰ ਸੂਚੀ ‘ਤੇ ਆਪਣੇ ਦਾਅਵੇ ਤੇ ਇਤਰਾਜ਼ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਜਾਂ ਸਬੰਧਿਤ ਬੀ. ਐੱਲ. ਓ. ਕੋਲ ਜਮ੍ਹਾਂ ਕਰਵਾ ਸਕਦਾ ਹੈ।ਉਹਨਾਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਮਿਤੀ 09 ਤੇ 10 ਨਵੰਬਰ, 2024 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ, ਜਿੰਨ੍ਹਾਂ ਵਿੱਚ ਬੀ. ਐਲ. ਓਜ਼ ਆਪਣੇ ਨਾਲ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਡਰਾਫਟ ਵੋਟਰ ਸੂਚੀ ਦੇ ਅਧਾਰ ’ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਉਪਰੰਤ 23 ਅਤੇ 24 ਨਵੰਬਰ 2024 ਨੂੰ ਵੀ ਇਹ ਸਪੈਸ਼ਲ ਕੈਂਪ ਲਗਾਏ ਜਾਣਗੇ।ਉਕਤ ਮਿਤੀਆਂ ਨੂੰ ਵੀ ਬੀ. ਐਲ. ਓਜ਼ ਵੱਲੋਂ ਆਪਣੇ ਬੂਥਾਂ ’ਤੇ ਬੈਠ ਕੇ ਵੋਟਰ ਸੂਚੀ ਦੀ ਸੁਧਾਈ ਸਬੰਧੀ ਫਾਰਮ ਭਰੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਮਿਤੀ 01 ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਪੂਰੀ ਕਰਦਾ ਹੈ, ਤਾਂ ਉਹ ਉਕਤ ਮਿਤੀਆਂ ਨੂੰ ਆਪਣੇ ਪੋਲਿੰਗ ਸਟੇਸ਼ਨ ‘ਤੇ ਜਾ ਕੇ ਸਬੰਧਤ ਬੀ. ਐਲ. ਓ. ਕੋਲ ਫਾਰਮ ਨੰਬਰ 06 ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਇਸ ਤੋਂ ਇਲਾਵਾ ਫਾਰਮ ਨੰਬਰ 07 ਭਰਕੇ ਵੋਟ ਕਟਵਾਈ ਜਾ ਸਕਦੀ ਹੈ ਅਤੇ ਫਾਰਮ ਨੰਬਰ 08 ਭਰਕੇ ਆਪਣੀ ਪਹਿਲਾਂ ਰਜਿਸਟਰਡ ਵੋਟ ਵਿੱਚ ਸੋਧ ਕਰਵਾਈ ਜਾ ਸਕਦੀ ਹੈ।