- ਫੌਜੀ ਹਮਲੇ, ਝੂਠੇ ਮੁਕਾਬਲੇ, ਨਸ਼ਿਆਂ ਦੇ ਦੋਸ਼ੀਆਂ ਦਾ ਹੋਵੇ ਸਮਾਜਿਕ ਬਾਈਕਾਟ – ਖਾਲੜਾ ਮਿਸ਼ਨ
ਅੰਮ੍ਰਿਤਸਰ, 4 ਜੂਨ : ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜੂਨ-84 ਵਿੱਚ ਹੋਏ ਫੋਜੀ ਹਮਲੇ ਦਾ ਸੱਚ ਸਾਹਮਣੇ ਲਿਆਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇੱਕ ਪੜ੍ਹਤਾਲੀਆ ਕਮੇਟੀ ਵੀ ਬਣਨੀ ਚਾਹੀਦੀ ਹੈ। ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਜਾਰੀ ਬਿਆਨ ਵਿਚ ਆਖਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹੋਏ ਫੌਜੀ ਹਮਲੇ ਸਮੇਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਉੱਪਰ ਪਰਦਾ ਪਾਉਣ ਲਈ ਸਾਰੀਆਂ ਰਾਜਨੀਤਿਕ ਧਿਰਾਂ ਇੱਕ ਜੁੱਟ ਹੋ ਗਈਆਂ। ਇੱਥੋਂ ਤੱਕ ਕਿ ਅਕਾਲੀ ਦਲ ਵੀ ਕਾਤਲਾਂ ਦੇ ਹੱਕ ਵਿਚ ਖੜਾ ਹੋ ਗਿਆ। ਉਨ੍ਹਾਂ ਕਿਹਾ ਕਿ ਜ਼ਲ੍ਹਿਆਂ ਵਾਲਾ ਬਾਗ ਕਾਂਡ ਵਾਪਰਿਆ 10 ਮਿੰਟ ਗੋਲੀ ਚੱਲੀ 379 ਲੋਕ ਮਾਰੇ ਗਏ। ਜਿੱਥੇ ਅੰਗਰੇਜ਼ ਸਰਕਾਰ ਨੇ ਹੰਟਰ ਕਮਿਸ਼ਨ ਬਣਾਇਆ, ਉੱਥੇ ਕਾਂਗਰਸ ਨੇ ਵੱਖਰਾ ਕਮਿਸ਼ਨ ਬਣਾਇਆ। ਫੌਜੀ ਹਮਲੇ ਸਮੇਂ ਇੰਗਲੈਂਡ ਦੀ ਲੇਬਰ ਪਾਰਟੀ ਇੰਗਲੈਂਡ ਦੇ ਰੋਲ ਦਾ ਸੱਚ ਸਾਹਮਣੇ ਲਿਆਉਣ ਲਈ ਯਤਨ ਕਰਦੀ ਹੈ ਪਰ ਅਫਸੋਸ ਕਿ ਅਕਾਲੀ ਦਲ 1997 ਵਿੱਚ ਸਰਕਾਰ ਬਣਾ ਕੇ ਸਿੱਖਾਂ ਦੀ ਕੁਲਨਾਸ਼ ਉੱਪਰ ਪਰਦਾ ਪਾਉਣ ਦਾ ਕੰਮ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਦੇਖ ਰੇਖ ਹੇਠ ਬਣੇ, ਉਹ ਸੱਚ ਸਾਹਮਣੇ ਲਿਆਵੇ ਕਿ ਮੰਨੂਵਾਦੀ ਧਿਰਾਂ (ਕਾਂਗਰਸ, ਭਾਜਪਾ, ਆਰ.ਐਸ.ਐਸ. ਆਦਿ) ਨੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਇਹ ਮਹਾਂਪਾਪ ਸੰਵਿਧਾਨ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਕਿਵੇਂ ਕੀਤਾ? ਕਿਉਂ ਮੰਨੂਵਾਦੀ ਧਿਰਾਂ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਢਿੱਡੀ ਪੀੜ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਫੌਜੀ ਹਮਲੇ ਤੋਂ ਪਹਿਲਾਂ ਹੋਈਆਂ ਗੁਪਤ ਮੀਟਿੰਗਾਂ ਤੇ ਲਿਖੀਆਂ ਗੁਪਤ ਚਿੱਠੀਆਂ ਦਾ, ਸੱਚ ਸਾਹਮਣੇ ਆਉਣਾ ਚਾਹੀਦਾ ਹੈ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਰੋਲ ਦਾ, ਸੱਚ ਸਾਹਮਣੇ ਆਉਣਾ ਚਾਹੀਦਾ ਹੈ ਪਾਪੀਆਂ ਵਲੋਂ ਸੰਤ ਜ਼ਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਹਜ਼ਾਰਾਂ ਸਿੱਖਾਂ ਦੀਆਂ ਮਿਰਤਕ ਦੇਹਾਂ ਵਾਰਸਾਂ ਨੂੰ ਨਾ ਸੋਂਪੇ ਜਾਣ ਦਾ। ਕਿਉਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਅਸਤੀਫਾ ਦੇ ਗਏ ਤੇ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਬਣੇ। ਕਿਉਂ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਫੌਜੀ ਹਮਲੇ ਦੇ ਨਿਸ਼ਾਨ ਮਿਟਾਏ ਗਏ? ਸੁੰਦਰੀਕਰਨ ਦੇ ਨਾਮ ਹੇਠ ਕਿਵੇਂ ਵਿਰਾਸਤ ਖਤਮ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਰਾਜ ਭਾਗ ਦੇ ਮਾਲਕ ਬਣਕੇ ਫੌਜੀ ਹਮਲੇ ਦਾ ਸੱਚ ਸਾਹਮਣੇ ਕਿਉਂ ਨਹੀਂ ਲਿਆਂਦਾ? ਉਨ੍ਹਾਂ ਕਿਹਾ ਕਿ 72 ਘੰਟੇ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ-ਟੈਂਕਾਂ ਨਾਲ ਬੰਬਾਰੀ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਪਰ ਕੋਈ ਪੜ੍ਹਤਾਲ ਨਹੀ ?