ਜਲੰਧਰ, 01 ਜਨਵਰੀ : ਅੱਜ ਸਵੇਰੇ ਜਲੰਧਰ ਪੀਏਪੀ ਵਿੱਚ ਤਾਇਨਾਤ ਡੀਐੱਸਪੀ ਤੇ ਅਰਜਨ ਐਵਾਰਡੀ ਦਲਬੀਰ ਸਿੰਘ ਦਿਓਲ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਨੇੜਿਓਂ ਮਿਲੀ। ਡੀਐੱਸਪੀ ਦਲਬੀਰ ਸਿੰਘ ਦੀ ਮੌਤ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸੇ ਡੀਐੱਸਪੀ ਨੇ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਪਿੰਡ ਮੰਡ ਦੇ ਪਿੰਡ ਵਾਲਿਆਂ ‘ਤੇ ਗੋਲੀਆਂ ਚਲਾਈਆਂ ਸਨ ਉਦੋਂ ਪਿੰਡ ਵਾਲਿਆਂ ਨਾਲ ਉਨ੍ਹਾਂ ਦਾ ਰਾਜੀਨਾਮਾ ਹੋ ਗਿਆ ਸੀ। ਡੀਐੱਸਪੀ ਦਲਬੀਰ ਸਿੰਘ ਮੂਲ ਤੌਰ ‘ਤੇ ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਰਹਿਣ ਵਾਲੇ ਪੀਏਪੀ ਟ੍ਰੇਨਿੰਗ ਸੈਂਟਰ ਵਿਚ ਤਾਇਨਾਤ ਸੀ। ਬੀਤੀ ਸ਼ਾਮ ਲਗਭਗ 5 ਟੀਮਾਂ ਵੱਲੋਂ ਕ੍ਰਾਈਮ ਸੀਨ ਦੀ ਜਾਂਚ ਕੀਤੀ ਗਈ ਤਾਂ ਉਥੋਂ ਦੋ ਚੱਲੇ ਹੋਏ ਖੋਲ ਬਰਾਮਦ ਕੀਤੇ ਗਏ। ਖੋਲ ਜਾਂਚ ਲਈ ਫੋਰੈਂਸਿੰਕ ਟੀਮ ਨੂੰ ਭੇਜੇ ਗਏ ਹਨ। ਮਾਮਲਾ ਕਤਲ ਦਾ ਹੈ ਜਾਂ ਫਿਰ ਆਤਮਹੱਤਿਆ ਦਾ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਨਵੇਂ ਸਾਲ ਵਾਲੀ ਰਾਤ ਡੀਐੱਸਪੀ ਦਲਬੀਰ ਸਿੰਘ ਆਪਣੇ 3 ਜਾਣਕਾਰਾਂ ਨਾਲ ਘਰ ਤੋਂ ਬਾਹਰ ਨਿਕਲੇ ਸਨ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਬੱਸ ਸਟੈਂਡ ਕੋਲ ਛੱਡ ਦਿੱਤਾ ਸੀ ਜਿਸ ਦੇ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਪੁਲਿਸ ਨੇ ਬੱਸ ਸਟੈਂਡ ਕੋਲੋਂ ਕੁਝ ਸੀਸੀਟੀਵੀ ਆਪਣੇ ਕਬਜ਼ੇ ਵਿਚ ਲਏ ਹਨ। ਡੀਐੱਸਪੀ ਘਰ ਤੋਂ ਨਿਕਲਣ ਦੌਰਾਨ ਆਪਣੀ ਸਰਕਾਰੀ ਪਿਸਤੌਲ ਵੀ ਨਾਲ ਲੈ ਕੇ ਗਏ ਹਨ, ਪਰ ਜਦੋਂ ਲਾਸ਼ ਮਿਲੀ ਤਾਂ ਪਿਸਤੌਲ ਉਨ੍ਹਾਂ ਕੋਲ ਨਹੀਂ ਸੀ। ਡੀਐੱਸਪੀ ਦੇ ਦੋਸਤ ਰਣਜੀਤ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ ਕਿਉਂਕਿ ਜਿਥੋਂ ਲਾਸ਼ ਮਿਲੀ ਉਥੇ ਇੰਨੀ ਰਾਤ ਨੂੰ ਉਹ ਇਸ ਰਸਤੇ ‘ਤੇ ਕਿਉਂ ਜਾਣਗੇ, ਉਹ ਰਸਤਾ ਉਨ੍ਹਾਂ ਦੇ ਘਰ ਨੂੰ ਨਹੀਂ ਜਾਂਦਾ ਸੀ। ਨਾਲ ਹੀ ਡੀਐੱਸਪੀ ਆਪਣਾ ਗੰਨਮੈਨ ਵੀ ਘਰ ‘ਤੇ ਹੀ ਛੱਡ ਕੇ ਗਏ ਸਨ।