ਜ਼ਿਲ੍ਹਾ ਭਾਸ਼ਾ ਦਫ਼ਤਰ ਨੇ 'ਮਾਤ ਭਾਸ਼ਾ ਪੰਜਾਬੀ ਦੀ ਵਰਤਮਾਨ ਸਥਿਤੀ' ਵਿਸ਼ੇ 'ਤੇ ਕਰਵਾਈ ਗੋਸ਼ਟੀ

ਨਵਾਂ ਸ਼ਹਿਰ, 14 ਨਵੰਬਰ 2024 : ਭਾਸ਼ਾ ਵਿਭਾਗ, ਪੰਜਾਬ ਦੁਆਰਾ ਮਨਾਏ ਜਾ ਰਹੇ ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਅਧੀਨ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਪ੍ਰਕਾਸ਼ ਮਾਡਲ ਸੀਨੀਅਰ. ਸੈਕੰਡਰੀ  ਸਕੂਲ ਨਵਾਂਸ਼ਹਿਰ ਵਿਖੇ 'ਮਾਤ ਭਾਸ਼ਾ ਪੰਜਾਬੀ ਦੀ ਵਰਤਮਾਨ ਸਥਿਤੀ' ਵਿਸ਼ੇ 'ਤੇ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿਚ ਸਹਾਇਕ ਪ੍ਰੋਫੈਸਰ ਡਾ. ਕੇਵਲ ਰਾਮ ਅਤੇ ਉੱਘੇ ਕਹਾਣੀਕਾਰ  ਅਜਮੇਰ ਸਿੱਧੂ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਇਸ ਗੋਸ਼ਟੀ ਦੀ ਪ੍ਰਧਾਨਗੀ ਮਹਿੰਦਰ ਸਿੰਘ ਦੁਸਾਂਝ  ਵੱਲੋਂ ਕੀਤੀ ਗਈ। ਗੋਸ਼ਟੀ ਦਾ ਆਰੰਭ ਸਕੂਲ ਦੇ ਪ੍ਰਿੰਸੀਪਲ ਸੁਖਰਾਜ ਸਿੰਘ ਝੰਡ  ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦੇ ਸਵਾਗਤ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੀ ਸ਼ਲਾਂਘਾ ਕੀਤੀ । ਉਨ੍ਹਾਂ ਅਜਿਹੇ ਸਮਾਗਮਾਂ ਨੂੰ ਵਿਦਿਆਰਥੀਆਂ ਲਈ ਇਕ ਵਰਦਾਨ ਦੱਸਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਵਿਦਿਆਰਥਣ ਖੁਸ਼ੀ ਅਰਮਾਨ ਦੁਆਰਾ ਸ਼ਬਦ ਗਾ ਕੇ ਕੀਤੀ ਗਈ। ਇਸ ਤੋਂ ਬਾਅਦ ਸਕੂਲ ਵੱਲੋਂ  ਤਿੰਨ ਵਿਦਿਆਰਥਣਾਂ ਗਗਨਦੀਪ ਕੌਰ, ਜਨੀਆ ਸਿੰਘ ਅਤੇ ਹਰਪ੍ਰੀਤ ਕੌਰ ਵੱਲੋਂ ਮਾਤ ਭਾਸ਼ਾ ਪੰਜਾਬੀ ਦੀ ਵਰਤਮਾਨ ਸਥਿਤੀ 'ਤੇ ਪਰਚੇ ਪੜ੍ਹੇ ਗਏ। ਇਸ ਮੌਕੇ ਬੋਲਦਿਆਂ ਡਾ. ਕੇਵਲ ਰਾਮ ਨੇ ਪੰਜਾਬੀ ਭਾਸ਼ਾ ਸਬੰਧੀ ਹੁਣ ਤੱਕ ਬਣੇ ਭਾਸ਼ਾ ਐਕਟਾਂ ਬਾਰੇ ਵਿਸਥਾਰ ਨਾਲ ਦੱਸਣ ਦੇ ਨਾਲ-ਨਾਲ ਇਸ ਦੇ ਸਹੀ ਤੇ ਸਟੀਕ ਅੰਕੜੇ ਪੇਸ਼ ਕੀਤੇ। ਇਸੇ ਲੜੀ ਤਹਿਤ ਗੱਲ ਅਗਾਂਹ ਤੋਰਦਿਆਂ ਅਜਮੇਰ ਸਿੱਧੂ ਨੇ ਮਾਤ ਭਾਸ਼ਾ ਪੰਜਾਬੀ ਨੂੰ ਦਰਪੇਸ਼  ਚੁਣੌਤੀਆਂ ਦੇ ਨਾਲ-ਨਾਲ ਇਹ ਵੀ  ਸਪੱਸ਼ਟ ਕੀਤਾ ਕਿ ਜਦੋਂ ਤੱਕ ਮਾਤ ਭਾਸ਼ਾ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਇਸਨੂੰ ਲਾਗੂ ਕਰਨ ਵਿਚ ਸਮਾਜ ਵੱਲੋਂ ਪੂਰਨ ਸਹਿਯੋਗ ਨਹੀਂ ਮਿਲ ਸਕਦਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮਹਿੰਦਰ ਸਿੰਘ ਦੁਸਾਂਝ ਵੱਲੋਂ ਆਪਣੇ ਜੀਵਨ ਤਜ਼ਰਬੇ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੀ ਵਿਲੱਖਣਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਸਮਾਜ ਨੂੰ ਮਾਤ ਭਾਸ਼ਾ ਪੰਜਾਬੀ ਦੇ ਅਮੀਰ ਪਿਛੋਕੜ ਅਤੇ ਗੌਰਵਮਈ ਵਿਰਾਸਤ ਨਾਲ ਜੁੜਨ ਲਈ ਹੋਕਾ ਦਿੱਤਾ ਗਿਆ। ਅੰਤ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਕੀਰਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੂਲ  ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੀਆਂ ਉੱਘੀਆਂ ਸਖ਼ਸੀਅਤਾ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ  ਆਏ ਹੋਏ ਬੁਲਾਰਿਆਂ ਦਾ ਸਨਮਾਨ ਕੀਤਾ।