ਮੈਨੀਟੋਬਾ ਦੀ ਸੂਬਾ ਸਰਕਾਰ ਨੇ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਨੂੰ ਬਣਾਇਆ ਮੰਤਰੀ

ਮੈਨੀਟੋਬਾ, 15 ਨਵੰਬਰ 2024 : ਕੈਨੇਡਾ ਦੇ ਮੈਨੀਟੋਬਾ ਦੀ ਸੂਬਾ ਸਰਕਾਰ ਵਲੋਂ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਨੂੰ ਮੰਤਰੀ ਬਣਾਇਆ ਗਿਆ ਹੈ। ਮੈਨੀਟੋਬਾ ਸਰਕਾਰ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਪੰਜਾਬੀ ਮੂਲ ਦਾ ਵਿਧਾਇਕ ਮੰਤਰੀ ਬਣਿਆ ਹੋਵੇ। ਦੱਸ ਦਈਏ ਕਿ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਕਰਦਿਆਂ 3 ਨਵੇਂ ਮੰਤਰੀਆਂ ਨੂੰ ਨਿਯੁਕਤ ਕੀਤਾ ਹੈ। 3 ਮੰਤਰੀਆਂ ਦੀ ਨਵੀਂ ਨਿਯੁਕਤੀ ਦੇ ਨਾਲ ਹੀ ਹੁਣ ਪ੍ਰੀਮੀਅਰ ਕੋਲ ਕੈਬਨਿਟ ਵਿੱਚ 17 ਮੰਤਰੀ ਹੋਣਗੇ। ਕੈਬਨਿਟ ਦੇ ਨਵੇਂ ਮੰਤਰੀਆਂ ਵਿੱਚ ਰਿਵਰ ਹਾਈਟਸ ਤੋਂ ਵਿਧਾਇਕ ਮਾਈਕ ਮੋਰੋਜ, ਮੈਪਲਜ਼ ਤੋਂ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਅਤੇ ਐਸੀਨੀਬੋਈ ਤੋਂ ਵਿਧਾਇਕ ਨੇਲੀ ਕੈਨੇਡੀ ਨੂੰ ਮੰਤਰੀ ਬਣਾਇਆ ਗਿਆ ਹੈ। ਨਵੇਂ ਬਣਾਏ ਮੰਤਰੀ ਰਿਵਰ ਹਾਈਟਸ ਨੂੰ ਖੋਜ ਅਤੇ ਨਵੀਂ ਤਕਨਾਲੋਜੀ ਵਿਭਾਗ ਦੀ ਜ਼ਿੰਮੇਵਾਰੀ ਅਤੇ ਵਿਧਾਇਕ ਮਿੰਟੂ ਸੰਧੂ ਨੂੰ ਜਨਤਕ ਸੇਵਾਵਾਂ ਮੰਤਰੀ ਵਜੋਂ ਕੈਬਨਿਟ ਵਿੱਚ ਰੱਖਿਆ ਗਿਆ ਹੈ, ਜਦਕਿ ਵਿਧਾਇਕ ਨੇਲੀ ਕੈਨੇਡੀ ਨੂੰ ਖੇਡ, ਸੱਭਿਆਚਾਰ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਨਿਯੁਕਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਮਿੰਟੂ ਸੰਧੂ ਬਰਨਾਲਾ ਦੇ ਪਿੰਡ ਧਨੇਰ ਦਾ ਵਸਨੀਕ ਹੈ, ਉਨ੍ਹਾਂ ਦੇ ਮੰਤਰੀ ਬਣਨ ਕਾਰਨ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।