ਹੁਸ਼ਿਆਰਪੁਰ, 20 ਦਸੰਬਰ : ਡਿਪਟੀ ਡਾਇਰੈਕਟਰ ਬਾਗਬਾਨੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਲੂ ਦੀ ਫ਼ਸਲ ਲਈ ਜ਼ਿਲ੍ਹਾ ਹੁਸ਼ਿਆਰਪੁਰ ਅਹਿਮ ਸਥਾਨ ਰੱਖਦਾ ਹੈ। ਮੌਸਮ ਦੇ ਮਿਜਾਜ ਨੂੰ ਦੇਖਦੇ ਹੋਏ ਪੰਜਾਬ ਵਿਚ ਆਲੂ ਦੀ ਫ਼ਸਲ ਨੂੰ ਭਵਿੱਖ ਵਿਚ ਪਿਛੇਤੇ ਝੁਲਸ ਰੋਗ ਆਉਣ ਦੀ ਸੰਭਾਵਨਾ ਹੋਣ ਕਾਰਨ ਨਵੰਬਰ ਮਹੀਨੇ ਦੌਰਾਨ ਬਦਲਵਾਹੀ ਅਤੇ ਹਲਕੀ ਬਾਰਸ਼ ਹੋਣ ਨਾਲ ਆਲੂ ਦੀ ਫ਼ਸਲ ਵਿਚ ਝੁਲਸ ਰੋਗ ਹੋਣ ਲਈ ਵਾਤਾਵਰਣ ਬਹੁਤ ਅਨੁਕੂਲ ਸੀ। ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਆਲੂ ਦੀ ਫ਼ਸਲ ਦੇ ਇਸ ਨਾਲ ਬਚਾਅ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਲੂ ਦੀ ਕਿਸਮ ਕੁਫਰੀ ਪੁਖਰਾਜ ਅਤੇ ਕੁਫਰੀ ਚੰਦਰਮੁਖੀ ’ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਜਿਨ੍ਹਾਂ ਕਿਸਾਨ ਵੀਰਾਂ ਨੇ ਆਲੂ ਦੀ ਫ਼ਸਲ ਵਿਚ ਹੁਣ ਤੱਕ ਉਲੀਨਾਸ਼ਕ ਦਵਾਈ ਦਾ ਛਿੜਕਾਅ ਨਹੀਂ ਕੀਤਾ ਹੈ, ਅਤੇ ਜਿਨ੍ਹਾਂ ਦੀ ਫ਼ਸਲ ਵਿਚ ਹੁਣ ਤੱਕ ਪਿਛੇਤਾ ਝੁਲਸ ਰੋਗ ਦੀ ਬੀਮਾਰੀ ਨਹੀਂ ਹੈ, ਉਨ੍ਹਾਂ ਸਾਰੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਲੂ ਦੀ ਫ਼ਸਲ ਨੂੰ ਐਟਰਾਕੋਲ/ ਇੰਡੋਫਿਲ ਆਮ-45/ ਕਵਚ ਆਦਿ ਦਵਾਈਆਂ ਨੂੰ 500 ਤੋਂ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫੇ ਵਿਚ ਸਪਰੇਅ ਕਰਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖੇਤਾਂ ਵਿਚ ਇਹ ਬਿਮਾਰੀ ਆ ਚੁੱਕੀ ਹੈ, ਉਥੇ ਕਿਸਾਨਾਂ ਨੂੰ ਰਿਡੋਮਿਲ ਗੋਲਡ / ਸੈਕਟਿਨ 60 ਡਬਲਯੂ ਜੀ / ਕਾਰਜੈਟ ਐਮ-8, 700 ਗ੍ਰਾਮ ਜਾਂ ਰੀਵਸ 250 ਐਸ.ਸੀ 250 ਮਿਲੀਲੀਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ 10 ਦਿਨਾਂ ਦੇ ਵਕਫੇ ਵਿਚ ਸਪਰੇਅ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਸਾਨ ਨੂੰ ਕਿਹਾ ਕਿ ਉਹ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਇਕ ਹੀ ਉਲੀਨਾਸ਼ਕ ਦਾ ਵਾਰ-ਵਾਰ ਛਿੜਕਾਅ ਨਾ ਕਰਨ ਬਲਕਿ ਦਵਾਈ ਬਦਲ ਕੇ ਸਪਰੇਅ ਕਰਨ। ਇਸ ਦੀ ਵਰਤੋਂ ਨਾਲ ਆਲੂਆਂ ਦੀ ਫ਼ਸਲ ਨੂੰ ਇਸ ਰੋਗ ਤੋਂ ਬਚਾਇਆ ਜਾ ਸਕਦਾ ਹੈ।