- ਐਨ.ਡੀ.ਆਰ.ਐਫ ਵੱਲੋਂ ਮੌਕ ਡਰਿੱਲ ਸਬੰਧੀ ਓਰੀਐਂਟੇਸ਼ਨ-ਕਮ-ਕੋਆਰਡੀਨੇਸ਼ਨ ਕਾਨਫਰੰਸ
- 21 ਨਵੰਬਰ ਨੂੰ ਸ਼੍ਰੇਆਂਸ ਇੰਡਸਟਰੀਜ਼ ਵਿਖੇ ਕਰਵਾਈ ਜਾਵੇਗੀ ਮੌਕ ਡਰਿੱਲ
ਨਵਾਂਸ਼ਹਿਰ, 14 ਨਵੰਬਰ 2024 : ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਮੌਕੇ ਵੱਖ ਵੱਖ ਵਿਭਾਗਾਂ ਦਾ ਆਪਸੀ ਤਾਲਮੇਲ ਬੇਹਦ ਜਰੂਰੀ ਹੁੰਦਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜੀਵ ਵਰਮਾ ਨੇ ਐਨ.ਡੀ.ਆਰ.ਐਫ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਵੱਲੋਂ ਆਫ਼ਤ ਪ੍ਰਬੰਧਨ ਬਾਰੇ ਕਰਵਾਈ ਜਾਣ ਵਾਲੀ ਮੌਕ ਡਰਿੱਲ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਓਰੀਐਂਟੇਸ਼ਨ-ਕਮ-ਕੋਆਰਡੀਨੇਸ਼ਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਆਫਤ ਜਾਂ ਹੰਗਾਮੀ ਸਥਿਤੀ ਦੌਰਾਨ ਮਨੁੱਖੀ ਜੀਵਨ ਬਚਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ. ਵੱਲੋਂ ਸ਼੍ਰੇਆਂਸ ਇੰਡਸਟਰੀਜ਼, ਪਿੰਡ ਬੰਨ੍ਹਾ, ਤਹਿਸੀਲ ਬਲਾਚੌਰ ਵਿਖੇ ਵਿਖੇ 21 ਨਵੰਬਰ 2024 ਨੂੰ ਮੌਕ ਡਰਿੱਲ ਕਰਵਾਈ ਜਾਵੇਗੀ, ਜਿਸ ਵਿਚ ਵੱਖ-ਵੱਖ ਸੰਬੰਧਿਤ ਵਿਭਾਗਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 20 ਨਵੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੀ ਕੋਆਰਡੀਨੇਸ਼ਨ ਅਤੇ ਟੇਬਲ ਟਾਪ ਐਕਸਰਸਾਈਜ਼ ਵੀ ਕੀਤੀ ਜਾਵੇਗੀ। ਇਸ ਮੌਕੇ ਐਨ.ਡੀ.ਆਰ.ਐਫ ਦੀ ਸੱਤਵੀਂ ਬਟਾਲੀਅਨ ਬਠਿੰਡਾ ਦੇ ਇੰਸਪੈਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਓਰੀਐਂਟੇਸ਼ਨ ਸੀ.ਆਰ.ਬੀ.ਐਨ.(ਕੈਮੀਕਲ, ਰੇਡੀਓਲੌਜੀਕਲ, ਜੈਵਿਕ ਅਤੇ ਪ੍ਰਮਾਣੂ) ਮੌਕ ਅਭਿਆਸ ਖਾਸ ਕਰਕੇ ਉਦਯੋਗਿਕ ਸੁਰੱਖਿਆ ਦੇ ਨਜ਼ਰੀਏ ਤੋਂ ਜਾਗਰੂਕਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਇਸ ਦੌਰਾਨ ਉਨ੍ਹਾਂ ਮਮੂਹ ਸਬੰਧਤ ਵਿਭਾਗਾਂ ਨੂੰ ਆਪਣੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਮੌਕ ਅਭਿਆਸ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਭਵਿੱਖ ਵਿਚ ਵੀ ਅਜਿਹੇ ਅਭਿਆਸ ਨਿਯਮਤ ਤੌਰ 'ਤੇ ਕਰਵਾਉਣ ਦਾ ਸੰਕਲਪ ਲਿਆ। ਇਸ ਮੌਕੇ ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਐਸ. ਡੀ.ਐਮ ਬਲਾਚੌਰ ਪ੍ਰੀਤ ਇੰਦਰ ਸਿੰਘ ਬੈਂਸ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਸਿੰਘ ਮਾਨ, ਡੀ.ਐਸ.ਪੀ ਸੁਰਿੰਦਰ ਚਾਂਦ, ਐਨ.ਡੀ.ਆਰ.ਐਫ ਦੇ ਲਵ ਕੁਮਾਰ ਤੇ ਰਾਜੂ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।