- ਪੋਲਿੰਗ ਬੂਥਾਂ/ਕਾਊਟਿੰਗ ਹਾਲ ਵਿੱਚ ਮੋਬਾਇਲ ਫੋਨ ਲਿਜਾਣ ਦੀ ਮਨਾਹੀ
- ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਐੱਸ.ਡੀ.ਕਾਲਜ ਵਿੱਚ 23 ਨਵੰਬਰ ਦੀ ਛੁੱਟੀ ਐਲਾਨੀ
ਬਰਨਾਲਾ, 15 ਨਵੰਬਰ 2024 : ਵਿਧਾਨ ਸਭਾ ਹਲਕਾ 103- ਬਰਨਾਲਾ ਦੀ ਉਪ ਚੋਣ ਦੇ ਮੱਦੇਨਜ਼ਰ ਵੋਟਾਂ ਦੀ ਗਿਣਤੀ ਐੱਸ.ਡੀ.ਕਾਲਜ ਬਰਨਾਲਾ ਵਿੱਚ ਮਿਤੀ 23 ਨਵੰਬਰ ਨੂੰ ਕੀਤੀ ਜਾਣੀ ਹੈ। ਇਸ ਮਹੱਤਵਪੂਰਨ ਕੰਮ ਨੂੰ ਨਿਰਵਿਘਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨਿਪਟਾਓਣ ਲਈ ਕਾਲਜ ਦੇ ਆਲੇ ਦੁਆਲੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ 'ਤੇ ਪਾਬੰਦੀ ਹੈ। ਸ਼੍ਰੀਮਤੀ ਪੂਨਮਦੀਪ ਕੌਰ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 23 ਨਵੰਬਰ ਨੂੰ ਐਸ.ਡੀ.ਕਾਲਜ, ਬਰਨਾਲਾ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਇੱਕ ਹੋਰ ਹੁਕਮ ਰਾਹੀਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਮਿਤੀ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਪੋਲਿੰਗ ਬੂਥਾਂ 'ਤੇ ਵੋਟਾਂ ਪੈਣ ਦੀ ਪ੍ਰੀਕ੍ਰਿਆ ਦੌਰਾਨ ਅਤੇ ਮਿਤੀ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਸਥਾਨ ਐਸ.ਡੀ. ਕਾਲਜ, ਬਰਨਾਲਾ ਦੇ ਅੰਦਰ ਮੋਬਾਇਲ ਫੋਨ ਲਿਜਾਣ/ਰੱਖਣ/ਵਰਤੋਂ ਕਰਨ 'ਤੇ ਸਰਕਾਰੀ ਤੌਰ ‘ਤੇ ਚੋਣ ਨਤੀਜਿਆਂ ਦੇ ਐਲਾਨ ਹੋਣ ਤੱਕ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜਿਨ੍ਹਾਂ ਅਧਿਕਾਰੀਆਂ /ਕਰਮਚਾਰੀਆਂ ਨੂੰ ਪੋਲਿੰਗ ਬੂਥਾਂ/ਕਾਊਟਿੰਗ ਹਾਲ ਵਿਚ ਮੋਬਾਇਲ ਫੋਨ ਲਿਜਾਣ ਦੀ ਇਜਾਜ਼ਤ ਹੈ, ਉਹਨਾਂ ਨੂੰ ਇਸ ਹੁਕਮ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਆਰ.ਓ. ਹੈਂਡਬੁੱਕ ਦੇ ਪੈਰ੍ਹਾ ਨੰਬਰ 15.6 ਵਿੱਚ ਦਰਜ ਹਦਾਇਤਾਂ/ਗਾਈਡਲਾਈਨਜ਼ ਅਨੁਸਾਰ ਗਿਣਤੀ ਕੇਂਦਰਾਂ ਵਿੱਚ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਆਉਣ ਦੀ ਮਨਾਹੀ ਹੈ। ਉਕਤ ਹਦਾਇਤਾਂ ਦੀ ਰੌਸ਼ਨੀ ਵਿੱਚ ਸ਼੍ਰੀਮਤੀ ਪੂਨਮਦੀਪ ਕੌਰ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਵੱਲੋਂ ਨੇਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਪ੍ਰਾਪਤ ਹੋਏ ਅਧਿਕਾਰਾ ਦੀ ਵਰਤੋਂ ਕਰਦੇ ਹੋਏ ਐੱਸ.ਡੀ.ਕਾਲਜ ਵਿੱਚ ਮਿਤੀ 23 ਨਵੰਬਰ ਦੀ ਛੁੱਟੀ ਐਲਾਨੀ ਗਈ ਹੈ।