ਹੁਸ਼ਿਆਰਪੁਰ, 22 ਦਸੰਬਰ : ਅੱਜ ਤੜਕਸਾਰ ਕਰੀਬ ਸਾਢੇ ਤਿੰਨ ਵਜੇ ਜ਼ਿਲ੍ਹਾ ਕੇਂਦਰੀ ਜੇਲ ਹੁਸ਼ਿਆਰਪੁਰ ਵਿਖੇ ਦੋ ਹਵਾਲਾਤੀ ਸ਼ੱਕੀ ਹਾਲਤ ਵਿੱਚ ਫਾਹਾ ਲੈ ਕੇ ਮਰ ਗਏ ਹਨ, ਜਿਨਾਂ ਦੀ ਪਹਿਚਾਣ ਓਮਕਾਰ ਅਤੇ ਟੀਟੂ ਵਜੋਂ ਹੋਈ ਹੈ। ਇਹ ਘਟਨਾ 23 ਨੰਬਰ ਬੈਰਿਕ ਵਿੱਚ ਹੋਈ। ਹਾਲਾਂਕਿ ਅਜੇ ਤੱਕ ਉਨਾਂ ਦੇ ਆਤਮ ਹੱਤਿਆ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ। ਜ਼ਿਲ੍ਹੇ ਦੇ ਜੁਡੀਸ਼ੀਅਲ ਅਧਿਕਾਰੀ ਵੀ ਜੇਲ੍ਹ ਅੰਦਰ ਪੁੱਜ ਗਏ ਹਨ ਅਤੇ ਮਾਮਲੇ ਦੀ ਜਾਂਚ ਕਰਨ ਲੱਗ ਪਏ ਹਨ। ਇਹਨਾਂ ਦੋਹਾਂ ਹਵਾਲਾਤੀਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਜਾਇਆ ਗਿਆ ਹੈ ਜਿੱਥੇ ਉਹਨਾਂ ਦਾ ਦੁਪਹਿਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੈਰਿਕ ਵਿੱਚ ਕਈ ਹਵਾਲਾਤੀਆਂ ਕੈਦੀਆਂ ਹੋਣ ਦੇ ਬਾਵਜੂਦ ਵੀ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਜੋ ਕਿ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੀ ਹੈ। ਇਹਨਾਂ ਵਿੱਚੋਂ ਓਮਕਾਰ ਤੇ ਨਸ਼ੇ ਦੇ ਚਾਰ ਪਰਚੇ ਦਰਜ ਸਨ ਅਤੇ ਟੀਟੂ ਤੇ ਬਲਾਤਕਾਰ ਦਾ ਪਰਚਾ ਦੱਸਿਆ ਜਾ ਰਿਹਾ ਹੈ। ਓਮਕਾਰ ਹੁਸ਼ਿਆਰਪੁਰ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਸੀ ਅਤੇ ਟੀਟੂ ਥਾਣਾ ਚੱਬੇਵਾਲ ਵਿੱਚ ਪੈਂਦੇ ਮਹਿਨਾ ਪਿੰਡ ਵਿੱਚ ਰਹਿ ਰਿਹਾ ਸੀ, ਜੋ ਕਿ ਮੂਲ ਰੂਪ ਵਿੱਚ ਯੂਪੀ ਦਾ ਰਹਿਣ ਵਾਲਾ ਹੈ।