ਦੋ ਗਜ਼ਲਾਂ - ਅਮਰਜੀਤ ਸਿੱਧੂ

  •  ਗ਼ਜ਼ਲ 

ਚਾਰੇ ਪਾਸੇ ਮੱਚੀ ਹੋਈ ਹਾਹਾਕਾਰ ਹੈ ਵੇਖੋ।

ਤਰ ਉੱਤੇ ਲੂਣ ਘਸਾਉਂਦੀ ਇਹ ਸਰਕਾਰ ਹੈ ਵੇਖੋ।

ਬੋਲੀ ਭੁੱਲ ਗਏ ਸਾਰੇ ਜੋ ਮੋਹ ਪਿਆਰ ਵਾਲੀ ਸੀ,

ਕਿਉਂ ਹਰ ਇਕ ਮੂੰਹ ਵਿਚੋਂ ਹੁਣ ਕਿਰਦੇ ਅੰਗਾਰ ਹੈ ਵੇਖੋ।

ਕਹਿਰ ਕੁਦਰਤੀ ਆਖਾਂ ਜਾਂ ਇਹ ਥੋਪਾਂ ਸਿਰ ਬੰਦਿਆਂ ਦੇ।

ਜੋ ਅੱਖਾਂ ਸਾਹਮਣੇ ਵਿਲਕ ਰਹੇ ਪ੍ਰਵਾਰ ਹੈ ਵੇਖੋ।

ਜੋ ਬੇਦੋਸੀਆਂ ਲਾਸ਼ਾਂ ਨੂੰ ਵੇਖ ਦਿਲ ਪਸੀਜਦੇ ਨੀ,

ਉੱਥੇ ਮੁਨਸਫ ਤੇ ਨੇਤਾ ਦਾ ਕੀ ਕਿਰਦਾਰ ਹੈ ਵੇਖੋ।

ਚਾਰੇ ਪਾਸੇ ਨਜ਼ਰ ਘੁਮਾ ਕੇ ਤੂੰ ਤੱਕ ਨਗਰ ਅਪਣੇ ਨੂੰ,

ਅੱਧੋਂ ਬਹੁਤੇ ਭੁੱਖੇ ਤੇ ਕੁਝ ਲੋਕ ਬਿਮਾਰ ਹੈ ਵੇਖੋ।

ਬਿੰਨ ਗੁਨਾਹਾਂ ਕੈਦ ਉਮਰ ਭਰ ਜਿੱਥੇ ਕੱਟਣੀ ਪੈਂਦੀ,

ਜਾਬਰ ਕਾਤਲ ਦਾ ਹੁੰਦਾ ਉਸ ਥਾਂ ਸਤਿਕਾਰ ਹੈ ਵੇਖੋ।

ਹੁਣ ਦੇ ਨੇਤਾ ਤੇ ਪਹਿਲੇ ਨੇਤਾ ਦੀ ਪਰਖ ਚੋਂ ਸਿੱਧੂ,

ਹੁਣ ਉੱਚਾ ਕਿਸ ਦਾ ਲੱਗ ਰਿਹਾ ਕਿਰਦਾਰ ਹੈ ਵੇਖੋ।

  • ਗ਼ਜ਼ਲ 

ਸਰਕਾਰੀ ਅਫਸਰ ਲੀਡਰ ਸਾਧ ਅਖੌਤੀ ਡੇਰੇਦਾਰ।
ਇਹ ਲਿਸ਼ਕ ਪੁਸ਼ਕ ਕੇ ਰਹਿਣ ਸਦਾ ਤੇ ਕਰਨ ਘਟੀਆ ਕਾਰ।

ਚੋਬਰ ਮੇਰੇ ਪੰਜਾਬ ਦੇ ਇੰਨਾਂ ਘੱਟੇ ਦਿੱਤੇ ਰੋਲ,
ਪੈਸੇ ਖਾਤਰ ਕਰਦੇ ਹਨ ਇਹ ਦੇਹ ਨਸ਼ੇ ਦਾ ਵਿਉਪਾਰ।

ਬਣਦੇ ਰੁਤਬੇ ਦੀ ਥਾਂ ਸਾਡੀ ਝੋਲੀ ਵਿਚ ਪਾਵੇ ਭੀਖ,
ਰੋਲੇ ਇੱਜਤ ਲੋਕਾਂ ਦੀ ਇਹ ਚੁੱਣੀ ਹੋਈ ਸਰਕਾਰ।

ਇਹ ਵਾਗੂੰ ਫੁੱਲ ਗੁਲਾਬ ਮਿਰਾ ਸੀ ਮਹਿਕ ਰਿਹਾ ਪੰਜਾਬ,
ਇਸ ਦੀ ਜੜ ਤੇਲ ਛਿੜਕਦੇ ਬਹਿਰੂਪੀਏ ਬਣ ਸਰਦਾਰ।

ਇਹ ਚਾਨਣ ਦੇ ਝੂਠੇ ਵਣਜਾਰੇ ਨ੍ਹੇਰ ਰਹੇ ਹਨ ਵੰਡ,
ਮੁਨਸਫ ਦੀ ਕੁਰਸੀ ਤੇ ਬੈਠੇ ਝੂਠੇ ਦਾ ਕਰਨ ਪ੍ਰਚਾਰ।

ਵਾਰਸ ਬਣ ਵਿਰਸੇ ਦਾ ਸਿੱਧੂ ਸਭ ਨੂੰ ਇਹ ਤੂੰ ਦੱਸ,
ਖੇਤ ਉਜੜਨ ਨਹੀਂ ਆਪਾਂ ਦੇਣਾ ਬਣ ਜੋ ਪਹਿਰੇਦਾਰ।