ਗਜ਼ਲ 

ਮੰਗੇ ਤੋਂ ਜਦ ਹੱਕ ਮਿਲਣ ਨਾਂ ਅੱਕੇ ਕਦਮ ਉਠਾਉਂਦੇ ਨੇ।

ਝੰਡੇ ਫੜ ਕੇ ਸੜਕਾਂ ਉੱਤੇ ਲੋਕ ਉਤਰ ਫਿਰ ਆਉਂਦੇ ਨੇ।

 

ਵੋਟਾਂ ਲੈਣ ਲਈ ਜਿਹੜੇ ਆ ਪੈਰੀਂ ਹੱਥ ਲਗਾਉਂਦੇ ਸੀ,

ਜਿੱਤਣ ਮਗਰੋਂ ਆਪਾਂ ਨੂੰ ਉਹ ਉਂਗਲਾਂ ਉਪਰ ਨਚਾਉਂਦੇ ਨੇ।

 

ਬੇ-ਆਸਰਿਆਂ ਦੀ ਜੋ ਮੱਦਦ ਹੋ ਕੇ ਬੇ-ਖੌਫ ਕਰਦੇ ਨੇ,

ਉਹਨਾਂ ਦੀਆਂ ਕਬਰਾਂ ਉੱਤੇ ਮੇਲੇ ਲੋਕ ਲਗਾਉਂਦੇ ਨੇ।

 

ਵਾਹਦੇ ਕਰਕੇ ਮੁਕਰਨ ਲੀਡਰ ਦੇਣਾ ਆਖ ਇਹ ਜੁਮਲਾ ਸੀ,

ਮੂੰਹ ਉਪਰ ਨਾਂ ਇਹ ਚੱਕਣ ਜਦ ਜੁਮਲਾ ਲੋਕ ਸਣਾਉਂਦੇ ਨੇ।

 

ਹੁਣ ਜਾਗ ਪਈ ਹੈ ਜਨਤਾ ਇਹ ਸਾਹਮਣੇ ਖੜ ਪੁੱਛ ਲੈਂਦੀ,

ਤਾਂ ਹੀ ਲੀਡਰ ਸੱਥਾਂ ਵਿਚ ਆਉਣ ਤੋਂ ਘਬਰਾਉਂਦੇ ਨੇ।

 

ਉਸ ਜੰਗਲ ਦੇ ਪੰਛੀ ਕਦ ਤਾਈਂ ਅੰਬਰ ਦੇ ਵਿਚ ਉਡਣਗੇ,

ਸਿੱਧੂ ਜਿਸ ਦੇ ਰਾਖੇ ਵਣ ਵਿਚ ਖੁਦ ਹੀ ਜਾਲ ਵਿਛਾਉਂਦੇ ਨੇ।