ਸ੍ਰੀ ਮੁਕਤਸਰ ਸਾਹਿਬ, 12 ਮਈ : ਅੰਮ੍ਰਿਤਸਰ ਸਾਹਿਬ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਇੱਕ ਸਾਲ ਦੇ ਬੱਚੇ ਦੀ ਸੜ ਕੇ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਅੱਗ ਦੀ ਲਪੇਟ ਵਿੱਚ ਇੱਕ ਮੱਝ ਵੀ ਆਈ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ‘ਚ ਬਾਜਾ ਮਰਾੜ ਦੇ ਪੱਪੂ ਮੰਡਲ ਨੇ ਦੱਸਿਆ ਕਿ ਉਸਨੂੰ ਉਸਦੀ ਪਤਨੀ ਸਰਿਤਾ ਦੇਵੀ ਦਾ ਫੋਨ ਆਇਆ ਸੀ ਕਿ ਝੁੱਗੀ ਨੂੰ ਅੱਗ ਲੱਗ ਗਈ ਹੈ ਅਤੇ ਜਿਸ ਕਾਰਨ ਜਿੱਥੇ ਮੱਝ ਬੁਰੀ ਤਰ੍ਹਾਂ ਸੜ ਚੁੱਕੀ ਹੈ, ਉੱਥੇ ਉਨ੍ਹਾਂ ਦਾ ਬੱਚਾ ਵੀ ਜੋ ਝੁੱਗੀ ਵਿੱਚ ਸੀ ਵੀ ਜਿੰਦਾ ਸੜ ਗਿਆ ਹੈ। ਪੱਪੂ ਮੰਡਲ ਨੇ ਦੱਸਿਆ ਕਿ ਪਿੰਡ ਬਾਜਾ ਮਰਾੜ ਦੇ ਸਾਹਿਬ ਸਿੰਘ ਵੱਲੋਂ ਆਪਣੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ, ਜਿਸ ਕਾਰਨ ਅੱਗ ਕੇ ਉਨ੍ਹਾਂ ਦੀ ਝੁੱਗੀ ਅਤੇ ਮੱਝ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੱਪੂ ਮੰਡਲ ਨੇ ਦੱਸਿਆ ਕਿ ਉਸਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋਗਿਆ ਹੈ।ਜਿਸ ਤੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਸਾਹਿਬ ਸਿੰਘ ਖਿਲਾਫ ਆਈਪੀਸੀ ਦੀ ਧਾਰਾ 304, 429, 427, 278 ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੁੰ ਗ੍ਰਿਫਤਾਰ ਕਰਲਿਆ ਗਿਆ ਹੈ।