ਰਾਜ ਪੱਧਰੀ ਸਮਾਗਮ 'ਚ 8 ਨਵੰਬਰ ਨੂੰ ਦੌਰਾਨ ਸਰਪੰਚਾਂ ਨੂੰ ਚੁਕਾਈ ਜਾਵੇਗੀ ਸਹੁੰ

  • ਪੰਚਾਂ ਨੂੰ ਜਿ਼ਲ੍ਹਾ ਜਾਂ ਬਲਾਕ ਪੱਧਰ ’ਤੇ ਚੁਕਾਈ ਜਾ ਸਕਦੀ ਹੈ ਸਹੁੰ

ਚੰਡੀਗੜ੍ਹ, 5 ਨਵੰਬਰ 2024 : ਸੂਬੇ ਦੀਆਂ 13098 ਪੰਚਾਇਤਾਂ ਦੀ ਹੋਈ ਚੋਣ ਵਿਚ 3812 ਸਰਪੰਚ ਤੇ 45,595 ਪੰਚ ਨਿਰਵਿਰੋਧ (ਸਰਬ ਸੰਮਤੀ) ਚੁਣੇ ਗਏ ਹਨ। ਸੂਬੇ ਵਿਚ ਕੁੱਲ 13130 ਪੰਚਾਇਤਾਂ ਹਨ, ਜਿਨ੍ਹਾਂ ਵਿਚੋਂ 138 ਪੰਚਾਇਤਾਂ ਦੀਆਂ ਚੋਣਾਂ ਰੱਦ ਹੋ ਗਈਆਂ ਸਨ। ਪਤਾ ਲੱਗਿਆ ਹੈ ਕਿ ਸਰਕਾਰ ਨਵੇਂ ਚੁਣੇ ਗਏ 13098 ਸਰਪੰਚਾਂ ਨੂੰ 8 ਨਵੰਬਰ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਸਹੁੰ ਚੁਕਾਉਣ ਦਾ ਪ੍ਰੋਗਰਾਮ ਉਲੀਕ ਰਹੀ ਹੈ। ਜਦਕਿ ਪੰਚਾਇਤ ਮੈੰਬਰਾਂ ਨੂੰ ਜਿਲ੍ਹਾ ਪੱਧਰ ਜਾਂ ਬਲਾਕ ਪੱਧਰ ’ਤੇ ਸਹੁੰ ਚਕਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਚਾਰ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣ ਕਰਕੇ ਚੋਣ ਜ਼ਾਬਤਾ ਲਾਗੂ ਹੈ। ਕੀ ਚੋਣ ਜਾਬਤੇ ਦੌਰਾਨ ਸਰਪੰਚਾਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਇਸਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ ਅਜੇ ਤੱਕ ਚੋਣ ਕਮਿਸ਼ਨ ਨੇ ਮੁਲਤਵੀ ਕੀਤੀਆਂ 138 ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ। ਦੱਸਿਆ ਜਾਂਦਾ ਹੈ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਹੀ ਇਹਨਾਂ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਦੱਸਿਆ ਕਿ 13,098 ਗ੍ਰਾਮ ਪੰਚਾਇਤਾਂ ਦੀ ਚੋਣ ਪ੍ਰੀਕਿਰਿਆ ਹੋਣ ’ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਵਿਚ 13098 ਪੰਚਾਇਤਾਂ ਵਿਚੋਂ 3,812 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸੀ ਤਰ੍ਹਾਂ ਕੁੱਲ੍ਹ 81,413 ਪੰਚਾਂ(ਪੰਚਾਇਤ ਮੈਂਬਰਾਂ) ਵਿਚੋਂ 45,595 ਪੰਚ ਨਿਰਵਿਰੋਧ ਚੁਣੇ ਗਏ। ਮਾਨ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਪਾਰਟੀ ਬਾਜ਼ੀ ਤੋਂ ਉਪਰ ਉਠਕੇ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਦੀ ਅਪੀਲ ਕੀਤੀ ਸੀ। ਸਰਬਸੰਮਤੀ ਦੇ ਨਾਮ ’ਤੇ ਕਈ ਪਿੰਡਾਂ ਵਿਚ ਹੁਕਮਰਾਨ ਧਿਰ ’ਤੇ ਧੱਕੇਸ਼ਾਹੀ ਕਰਨ ਅਤੇ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਵੀ ਲੱਗੇ ਸਨ। ਕਈ ਉਮੀਦਵਾਰਾਂ ਨੇ ਹਾਈਕੋਰਟ ਦਾ ਰੁਖ਼ ਵੀ ਕੀਤਾ ਸੀ। ਵਰਨਣਯੋਗ ਹੈ ਕਿ ਸੂਬੇ ਵਿਚ ਕੁੱਲ੍ਹ 13,236 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਵਿਚੋਂ 13,098 ਪੰਚਾਇਤਾਂ ਦੀ ਚੋਣ ਹੋਈ ਸੀ ਅਤੇ 3812 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ। ਇਸੀ ਤਰ੍ਹਾਂ 45595 ਸਰਪੰਚਾਂ ਵਿਚੋਂ 9,318 ਪੰਚ ਸਰਬਸੰਮਤੀ ਨਾਲ ਚੁਣੇ ਗਏ ਸਨ। ਚੋਣ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਜਨਰਲ ਵਰਗ ਨਾਲ ਸਬੰਧਤ 4173 ਸਰਪੰਚ, ਮਹਿਲਾ ਸਰਪੰਚ 4173, ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਪੁਰਸ਼ ਸਰਪੰਚ 2,440 ਤੇ ਮਹਿਲਾ ਸਰਪੰਚ 2,393 ਸਰਪੰਚ ਚੁਣੇ ਗਏ ਹਨ। ਇਸੀ ਤਰ੍ਹਾਂ ਜਨਰਲ ਵਰਗ ਦੇ ਪੰਚ 25,647 (ਮਰਦ) ਅਤੇ ਇਸਤਰੀ ਪੰਚ 22,772 ਚੁਣੇ ਗਏ ਹਨ। ਜਦਕਿ ਰਾਖਵੀਂ ਸ੍ਰੇਣੀ ਨਾਲ ਸਬੰਧਤ ਪੰਚ (ਪੁਰਸ਼) 16784 ਤੇ 12,523 (ਇਸਤਰੀ) ਪੰਚ ਚੁਣੇ ਗਏ ਹਨ। ਜਦਕਿ ਪਿਛੜੀ ਸ੍ਰੇਣੀ ਨਾਲ ਸਬੰਧਤ 2,826 ਪੰਚ ਚੁਣੇ ਗਏ ਹਨ।