ਲੁਧਿਆਣਾ ਵਿੱਚ ਵਾਪਰਿਆ ਸੜਕ ਹਾਦਸਾ, ਮਾਂ-ਧੀ ਦੀ ਮੌਤ

ਲੁਧਿਆਣਾ, 4 ਨਵੰਬਰ 2024 : ਭਾਈ ਦੂਜ ਦਾ ਤਿਉਹਾਰ ਮਨਾ ਕੇ ਸਹੁਰੇ ਘਰ ਪਰਤ ਰਹੀ ਇਕ ਔਰਤ ਅਤੇ ਉਸ ਦੀ 1 ਸਾਲ ਦੀ ਬੱਚੀ ਨੂੰ ਕਰੇਨ ਨੇ ਦਰੜ ਦਿੱਤਾ, ਜਿਸ ਕਾਰਨ ਬੱਚੀ ਨੇ ਮੌਕੇ ਤੇ ਦਮਤੋੜ ਦਿੱਤਾ ਅਤੇ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੀਨਾ ਅਤੇ ਯਸ਼ਿਕਾ ਵਜੋਂ ਹੋਈ ਹੈ। ਪੁਲਿਸ ਨੇ ਕਰੇਨ ਚਾਲਕ ਨੂੰ ਵੀ ਕਾਬੂ ਕਰ ਲਿਆ ਹੈ। ਔਰਤ ਦੇ ਪਰਿਵਾਰ ਦਾ ਬੁਰਾ ਹਾਲ ਹੈ ਅਤੇ ਰੋ ਰਿਹਾ ਹੈ। ਮ੍ਰਿਤਕ ਰੀਨਾ ਦੇ ਪਤੀ ਰਵਿੰਦਰ ਕੁਮਾਰ ਦੱਸਿਆ ਕਿ ਉਹ ਤਿਉਹਾਰ ਹੋਣ ਕਾਰਨ ਆਪਣੀ ਪਤਨੀ ਰੀਨਾ ਨਾਲ ਉਹਦੇ ਪੇਕੇ ਘਰ ਆਇਆ ਸੀ। ਉਹ ਆਪਣੀ ਧੀ ਯਸ਼ਿਕਾ ਅਤੇ ਪਤਨੀ ਨਾਲ ਬਾਈਕ ‘ਤੇ ਸੰਗਰੂਰ ਸਥਿਤ ਆਪਣੇ ਘਰ ਵਾਪਸ ਜਾ ਰਿਹਾ ਸੀ।ਸਾਹਨੇਵਾਲ ਤੋਂ ਡੇਹਲੋਂ ਵੱਲ ਜਾਂਦੇ ਸਮੇਂ ਜਦੋਂ ਉਹ ਟਿੱਬਾ ਨਹਿਰ ਦੇ ਪੁਲ ਨੂੰ ਪਾਰ ਕਰਨ ਲੱਗੇ ਤਾਂ ਤੇਜ਼ ਰਫਤਾਰ ਕਰੇਨ ਚਾਲਕ ਨਿਤਿਸ਼ ਨੇ ਲਾਪਰਵਾਹੀ ਨਾਲ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਬਾਈਕ ਅਸੰਤੁਲਿਤ ਹੋ ਗਈ। ਜਿਸ ਕਾਰਨ ਰੀਨਾ ਅਤੇ ਬੇਟੀ ਯਸ਼ਿਕਾ ਕਰੇਨ ਵੱਲ ਡਿੱਗ ਪਈਆਂ। ਕਰੇਨ ਦਾ ਅਗਲਾ ਪਹੀਆ ਉਨ੍ਹਾਂ ਦੇ ਉੱਪਰ ਜਾ ਵੱਜਿਆ। ਯਸਿਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੀਨਾ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਬੀਤੀ ਰਾਤ ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮ ਨਿਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਟਿੱਬਾ ਰੋਡ ਨੇੜੇ ਦਾ ਰਹਿਣ ਵਾਲਾ ਹੈ। ਹੁਣ ਪੁਲਿਸ ਮਾਂ-ਧੀ ਦਾ ਪੋਸਟਮਾਰਟਮ ਕਰਵਾ ਰਹੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨਿਤੀਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।