- ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਗਏ ਪੁਖਤਾ ਇੰਤਜ਼ਾਮ
- ਸ਼ਹੀਦੀ ਸਭਾ ਦੇ ਮਾਹੌਲ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਮਨਾਹੀਂ ਹੁਕਮ
ਫ਼ਤਹਿਗੜ੍ਹ ਸਾਹਿਬ, 20 ਦਸੰਬਰ : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੇ ਮਾਹੌਲ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਅਤੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ, ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973 ( 2 ਆਫ 1974) ਦੀ ਧਾਰਾ 144 ਅਧੀਨ ਸ਼ਹੀਦੀ ਸਭਾ ਦੌਰਾਨ ਸਰਕਸਾਂ, ਝੂਲੇ, ਡਾਂਸ ਤੇ ਮਨੋਰੰਜਨ ਦੀਆਂ ਖੇਡਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਸ਼ਹੀਦੀ ਸਭਾ ਦੇ ਏਰੀਏ ਵਿੱਚ ਅੰਡੇ, ਮਾਸ-ਮੱਛੀ, ਬੀੜੀ ਸਿਗਰੇਟ ਵੇਚਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਤਿੰਨ ਕਿਲੋਮੀਟਰ ਏਰੀਏ ਵਿੱਚ 26 ਦਸੰਬਰ ਤੋਂ 28 ਦਸੰਬਰ ਰਾਤ 12:00 ਵਜੇ ਤੱਕ ਸ਼ਰਾਬ ਦੇ ਠੇਕੇ ਖੋਲਣ ਤੇ ਵੀ ਪਾਬੰਦੀ ਲਗਾਈ ਗਈ ਹੈ। ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀ ਸੁਚਾਰੂ ਢੰਗ ਨਾਲ ਆਵਾਜਾਈ ਚਲਾਉਣ ਲਈ ਰੋਜ਼ਾ ਸ਼ਰੀਫ, ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਤੱਕ ਸੜਕ ਦੇ ਦੋਵੇਂ ਪਾਸੇ ਦੁਕਾਨਾਂ/ਸਟਾਲ ਲਗਾਉਣ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਮੋੜ ਤੋਂ ਚੁੰਗੀ ਨੰ: 4 ਤੱਕ ਸੜਕ ਦੇ ਆਲੇ ਦੁਆਲੇ ਸਥਿਤ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਅੱਗੇ ਆਰਜ਼ੀ ਤੌਰ ’ਤੇ ਦੁਕਾਨਾਂ/ਸਟਾਲ ਲਗਾਉਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰ੍ਹਾਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਸ਼ਹੀਦੀ ਸਭਾ ਦੇ ਏਰੀਏ ਵਿੱਚ 26 ਦਸੰਬਰ ਤੋਂ 29 ਦਸੰਬਰ ਤੱਕ ਆਮ ਪਬਲਿਕ ਜਾਂ ਪ੍ਰਾਈਵੇਟ ਵਿਅਕਤੀਆਂ ਵੱਲੋਂ ਡਰੋਨ ਕੈਮਰੇ ਉਡਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਸ਼ਹੀਦੀ ਜੋੜ ਮੇਲ ਫਤਹਿਗੜ੍ਹ ਸਾਹਿਬ ਦੇ ਏਰੀਏ ਵਿੱਚ ਹਰ ਕਿਸਮ ਦੇ ਅਗਨ ਸ਼ਾਸ਼ਤਰ, ਅਸਲਾ, ਵਿਸਫੋਟਕ, ਜਲਣਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਵੇਂ ਕਿ ਟਾਕੂਏ, ਬਰਛੇ ਤੇ ਤਰਸ਼ੂਲ ਲੈ ਕੇ ਚੱਲਣ ਤੇ 31 ਜਨਵਰੀ, 2024 ਤੱਕ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸਿਜ਼, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਜਿਹਨਾਂ ਨੂੰ ਧਾਰਮਿਕ ਜਾਂ ਕਾਨੂੰਨੀ ਤੌਰ 'ਤੇ ਰੀਤੀ ਰਵਾਜਾਂ ਕਾਰਨ ਹਥਿਆਰ ਚੁੱਕਣ ਦੇ ਅਧਿਕਾਰ ਹਨ, ਅਸਲਾ ਲਾਈਸੰਸ ਨੂੰ ਨਵਿਆਉਣ ਲਈ ਦਫਤਰ ਆਉਣ ਵਾਲਿਆਂ 'ਤੇ ਲਾਗੂ ਨਹੀਂ ਹੋਵੇਗਾ।ਇਸ ਤੋਂ ਇਲਾਵਾ ਜਿਨ੍ਹਾਂ ਨੂੰ ਭਾਰਤ/ਪੰਜਾਬ ਸਰਕਾਰ ਵੱਲੋਂ ਸੁਰੱਖਿਆ ਕਵਰ ਪ੍ਰਦਾਨ ਕੀਤਾ ਹੋਇਆ ਹੈ, ਤੇ ਵੀ ਇਹ ਹੁਕਮ ਲਾਗੂ ਨਹੀਂ ਹੋਵੇਗਾ।