ਲੁਧਿਆਣਾ 19 ਅਪ੍ਰੈਲ : ਭਾਰਤ ਵਿੱਚ ਮੋਹਰੀ ਉਦਯੋਗ ਘਰਾਣਿਆਂ ਵਿੱਚੋਂ ਇੱਕ ਵਰਧਮਾਨ ਸਪੈਸ਼ਲ ਸਟੀਲ ਨੇ ਅੱਜ ਕਾਰਪੋਰੇਟ ਸਮਾਜਕ ਪਹਿਲਕਦਮੀ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ 10 ਬੈਰੀਕੇਡ ਭੇਂਟ ਕੀਤੇ। ਇਹ ਭੇਂਟ ਯੂਨੀਵਰਸਿਟੀ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਕਾਰਗਰ ਅਤੇ ਵਿਉਂਤਬੰਦ ਬਣਾਉਣ ਦੇ ਉਦੇਸ਼ ਨਾਲ ਦਿੱਤੀ ਗਈ ਤਾਂ ਜੋ ਕੈਂਪਸ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕੇ। ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਦੇ ਵਾਈਸ ਚੇਅਰਮੈਨ ਸ਼੍ਰੀ ਸਚਿਤ ਜੈਨ ਦਾ ਸੰਦੇਸ਼ ਦੇਣ ਲਈ ਵਪਾਰਕ ਸਮੂਹ ਦੇ ਨੁਮਾਇੰਦੇ ਪ੍ਰਬੰਧਕੀ ਨਿਰਦੇਸ਼ਕ ਸ਼੍ਰੀ ਅਮਿਤ ਧਵਨ ਨੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਸ਼੍ਰੀ ਅਮਿਤ ਧਵਨ ਨੇ ਕਿਹਾ ਕਿ ਵਰਧਮਾਨ ਸਮੂਹ ਨੂੰ ਪੀ ਏ ਯੂ ਨਾਲ ਸਹਿਯੋਗ ਕਰਕੇ ਮਾਣ ਹੋ ਰਿਹਾ ਹੈ। ਉਨ੍ਹਾਂ ਇਸ ਸਹਿਯੋਗ ਦੇ ਨਿਰੰਤਰ ਜਾਰੀ ਰਹਿਣ ਦੀ ਆਸ ਪ੍ਰਗਟਾਈ ਤੇ ਨਾਲ ਹੀ ਕਿਸੇ ਅਕਾਦਮਿਕ ਪ੍ਰੋਗਰਾਮ ਵਿਚ ਸਹਿਯੋਗ ਕਰਨ ਦੀ ਕੰਪਨੀ ਦੀ ਇੱਛਾ ਬਾਰੇ ਵੀ ਕਿਹਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਸਮਾਜਕ ਜ਼ਿੰਮੇਵਾਰੀ ਪਹਿਲਕਦਮੀ ਤਹਿਤ ਵਰਧਮਾਨ ਸਮੂਹ ਆਰਥਿਕ ਤੌਰ ਤੇ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਦੇ ਸਹਿਯੋਗ ਲਈ ਵੀ ਤਿਆਰ ਬਰ ਤਿਆਰ ਹੈ। ਉਨ੍ਹਾਂ ਵਰਧਮਾਨ ਸਮੂਹ ਦੇ ਉਪ ਚੇਅਰਮੈਨ ਸ਼੍ਰੀਸਚਿਤ ਜੈਨ ਵਲੋਂ ਸੰਦੇਸ਼ ਵਿੱਚ ਕਿਹਾ ਕਿ ਵਿਕਾਸ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਅਕ ਸੰਸਥਾਵਾਂ ਨੂੰ ਵਧੇਰੇ ਸੁਖਾਵਾਂ ਵਾਤਾਵਰਣ ਉਸਾਰਨਾ ਉਨ੍ਹਾਂ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਵਿੱਚ ਆਉਣ ਵਾਲਿਆਂ ਲਈ ਬੈਰੀਕੇਡ ਲਾਉਣਾ ਆਵਾਜਾਈ ਨਿਯੰਤਰਣ ਦਾ ਇੱਕ ਤਰੀਕਾ ਹੈ ਅਤੇ ਪੀਏਯੂ ਵਰਗੀਆਂ ਸੰਸਥਾਵਾਂ ਜਿਨ੍ਹਾਂ ਨੇ ਪੂਰੀ ਲਗਨ ਨਾਲ ਮਨੁੱਖਤਾ ਦੀ ਸੇਵਾ ਕੀਤੀ ਹੈ, ਦਾ ਸਨਮਾਨ ਕਰਨ ਵਾਂਗ ਹੈ। ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਭੇਂਟ ਬੇਹੱਦ ਅਹਿਮ ਹੈ ਕਿਉਂਕਿ ਯੂਨੀਵਰਸਿਟੀ ਇਕ ਵਿਦਿਅਕ ਸੰਸਥਾ ਹੋਣ ਕਾਰਨ ਇਸ ਵਿਚ ਵਾਹਨਾਂ ਦੀ ਰਫ਼ਤਾਰ ਕਾਬੂ ਵਿਚ ਹੋਣੀ ਹੀ ਚਾਹੀਦੀ ਹੈ। ਡਾ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਇਸ ਕਾਰਜ ਲਈ ਵਰਧਮਾਨ ਸਪੈਸ਼ਲ ਸਟੀਲ ਦੇ ਯੋਗਦਾਨ ਨੂੰ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਡਾ ਗੋਸਲ ਨੇ ਆਸ ਪ੍ਰਗਟਾਈ ਕਿ ਵਰਧਮਾਨ ਸਮੂਹ ਪੀ ਯੂ ਕਲੀਨ ਐਂਡ ਗਰੀਨ ਮੁਹਿੰਮ ਵਿਚ ਹੋਰ ਸਰਗਰਮੀ ਨਾਲ ਭਾਗ ਲਵੇਗਾ। ਇਸ ਮੌਕੇ ਸਵਾਗਤ ਦੇ ਸ਼ਬਦ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਹੇ। ਉਨ੍ਹਾਂ ਕਿਹਾ ਕਿ ਵਰਧਮਾਨ ਗਰੁੱਪ ਪੀ ਏ ਯੂ ਦੇ ਕਰੀਬੀ ਸਹਿਯੋਗੀ ਅਦਾਰੇ ਵਾਂਗ ਹੈ ਜੋ ਲਗਾਤਾਰ ਯੂਨੀਵਰਸਿਟੀ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਜ਼ਰੂਰੀ ਵਸਤਾਂ ਭੇਂਟ ਕਰਦਾ ਹੈ। ਧੰਨਵਾਦ ਦੇ ਸ਼ਬਦ ਬੋਲਦਿਆਂ ਪੀਏਯੂ ਦੇ ਮਿਲਖ ਅਧਿਕਾਰੀ ਡਾ . ਰਿਸ਼ੀ ਇੰਦਰ ਸਿੰਘ ਗਿੱਲ ਨੇ ਕਿਹਾ ਕਿ ਪੀਏਯੂ ਨੂੰ ਬੈਰਿਕੇਡਾਂ ਦਾ ਦਾਨ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਅਤੇ ਕੰਪਨੀ ਦੀਆਂ ਕਦਰਾਂ-ਕੀਮਤਾਂ ਦਾ ਪ੍ਰਤੀਬਿੰਬ ਹੈ।ਸੁਰੱਖਿਆ ਅਧਿਕਾਰੀ ਡਾ ਸੁਖਪ੍ਰੀਤ ਸਿੰਘ ਨੇ ਵੀ ਵਰਧਮਾਨ ਸਮੂਹ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਹਿਯੋਗ ਨਾਲ ਯੂਨੀਵਰਸਿਟੀ ਵਿਚ ਆਵਾਜਾਈ ਵੱਸ ਵਿਚ ਰੱਖਣ ਲਈ ਸਹਾਇਤਾ ਮਿਲੇਗੀ। ਪੀ ਏ ਯੂ ਦੇ ਸੁਰੱਖਿਆ ਕਰਮੀਆਂ ਤੋਂ ਬਿਨਾਂ ਹੋਰ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਮੌਕੇ ਹਾਜ਼ਰ ਸਨ।